ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲਣ ਦੀ ਅਪੀਲ ਕਰਦਿਆਂ ਮੂੰਗੀ ਦੀ ਫ਼ਸਲ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਜਿਸ 'ਚ ਸਰਕਾਰ ਵਲੋਂ ਵੱਡਾ ਐਲਾਨ ਕਰਦਿਆਂ ਕਿਸਾਨਾਂ ਨੂੰ ਮੂੰਗੀ 'ਤੇ 7275 ਰੁਪਏ ਦੀ ਐੱਮਐੱਸਪੀ ਦਾ ਵਾਧਾ ਕੀਤਾ ਗਿਆ ਸੀ।
ਮੂੰਗੀ ਨੂੰ ਮੰਡੀ ਵਿਚ ਲੈ ਕੇ ਆਉਣ ਲਈ 16 ਜੂਨ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ ਅਤੇ ਇਸਦੀ ਤਿਆਰੀ ਮੰਡੀਆਂ ਦੇ ਵਿੱਚ ਸਬੰਧਤ ਵਿਭਾਗਾਂ ਵੱਲੋਂ ਕਰਵਾ ਲਈਆਂ ਗਈਆਂ ਸਨ। ਅੰਮ੍ਰਿਤਸਰ ਦੀ ਅਨਾਜ ਮੰਡੀ ਭਗਤਾਂਵਾਲਾ ਦਾਣਾ ਮੰਡੀ 'ਚ ਵੀ ਮੂੰਗੀ ਦੀ ਫ਼ਸਲ ਕਿਸਾਨਾਂ ਵੱਲੋਂ ਲਿਆਂਦੀ ਗਈ।
ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਮੂੰਗੀ ਦੀ ਖਰੀਦ ਵਿੱਚ 12 ਪਰਸੈਂਟ ਨਮੀ ਅਤੇ ਹੋਰ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪੂਰਤੀ ਤੋਂ ਬਾਅਦ ਹੀ ਮੂੰਗੀ ਦੀ ਸਰਕਾਰੀ ਖਰੀਦ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਿਹੜੀ ਮੂੰਗੀ ਦਾਣਾ ਮੰਡੀ ਵਿਖੇ ਪਹੁੰਚੀ ਉਸਦੀ ਨਮੀ ਦਾ ਲੈਵਲ ਤਕਰੀਬਨ 14 ਪਰਸੈਂਟ ਹੋਣ ਕਰਕੇ ਮੂੰਗੀ ਦੀ ਸਰਕਾਰੀ ਖਰੀਦ ਨਹੀਂ ਹੋ ਸਕੀ।
ਐਫਸੀਆਈ ਦੇ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਜੇਕਰ 12 ਪਰਸੈਂਟ ਤੋਂ ਵੱਧ ਨਮੀ ਦੀ ਮੂੰਗੀ ਦੀ ਫ਼ਸਲ ਹੋਵੇ ਤਾਂ ਕਿਸਾਨ ਉਸ ਨੂੰ ਪ੍ਰਾਈਵੇਟ ਖਰੀਦਦਾਰਾਂ ਨੂੰ ਵੇਚ ਸਕਦਾ ਹੈ। ਸੋ ਨਵੀਂ ਦੀ ਮਾਤਰਾ ਵੱਧ ਹੋਣ ਕਰਕੇ ਮੂੰਗੀ ਦੀ ਕੇਵਲ ਪ੍ਰਾਈਵੇਟ ਖਰੀਦ ਹੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਚੱਕਰ ਚੋਂ ਕੱਢਣ ਲਈ ਆਮ ਆਦਮੀ ਪਾਰਟੀ ਦੀ ਇਕ ਨਵੀਂ ਪਹਿਲ ਮੂੰਗੀ ਦੀ ਫ਼ਸਲ ਉੱਤੇ ਐਮਐਸਪੀ ਦੇਣਾ ਹੈ। ਇਸ ਲਈ ਜੋ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਸਨ ਉਸ ਮੁਤਾਬਕ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਮੰਡੀ ਵਿਚ ਨਹੀਂ ਪਹੁੰਚੀ ਜਿਸ ਕਰਕੇ ਸਰਕਾਰੀ ਖ਼ਰੀਦ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਸਿੱਖ ਰਾਜੋਆਣਾ ਦੀ ਕੌਮ ਨੂੰ ਚਿੱਠੀ, ਭੈਣ ਕਮਲਦੀਪ ਕੌਰ ਲਈ ਕੀਤੀ ਇਹ ਬੇਨਤੀ