ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਆਸ਼ਾ, ਮਿਡ-ਡੇ-ਮੀਲ ਅਤੇ ਜੰਗਲਾਤ ਵਰਕਰਾਂ ਸਮੇਤ ਹੋਰ ਕੱਚੇ ਤੇ ਕੰਟਰੈਕਟ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ ਅੱਜ ਰਈਆ ਵਿਖੇ “ਮਾਣ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ” ਵੱਲੋਂ ਭਰਵੀਂ ਰੈਲੀ ਕਰਕੇ ਕਸਬੇ ਵਿੱਚ ਰੋਸ ਮਾਰਚ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਬੇਟੇ ਪ੍ਰਦੀਪ ਸਿੰਘ ਭਲਾਈਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਸ਼ਾ ਵਰਕਰਾਂ, ਫੈਸਿਲੀਟੇਟਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਜੰਗਲਾਤ ਵਰਕਰਾਂ ਸਮੇਤ ਸਮੂਹ ਕੱਚੇ ਤੇ ਠੇਕਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਵਿੱਚ ਸਰਕਾਰ ਬਣਦਿਆਂ ਹੀ 27000 ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ 2016 ਵਾਲੇ ਨੋਟੀਫਿਕੇਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰ ਕੇ ਪੰਜਾਬ ਦੇ ਸਾਰੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ।ਪ੍ਰੰਤੂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਉਲਟਾ ਉਸਨੇ 2016 ਦੇ ਨੋਟੀਫਿਕੇਸ਼ਨ ਨੂੰ ਹੀ ਖਤਮ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਗੁਰਪ੍ਰੀਤ ਦੀ ਕੈਨੇਡਾ 'ਚ ਡੁੱਬਣ ਨਾਲ ਮੌਤ