ਅੰਮ੍ਰਿਤਸਰ: ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਦਿਲਪ੍ਰੀਤ ਸਿੰਘ ਗਰੇਵਾਲ ਦੀ ਪਿਛਲੇ ਦਿਨੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਕੋਲ ਗੁਹਾਰ ਲਗਾਈ ਸੀ। ਇਸੇ ਤਹਿਤ ਸਰਕਾਰ ਦੇ ਯਤਨਾਂ ਸਦਕਾ ਬੀਤੀ ਰਾਤ ਨੌਜਵਾਨ ਦਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਪਹੁੰਚ ਚੁੱਕੀ ਹੈ ਜਿਸ ਕਾਰਨ ਪਰਿਵਾਰ ਨੇ ਸਰਕਾਰ ਦਾ ਧੰਨਵਾਦ ਕੀਤਾ।
ਟ੍ਰੈਫਿਕ ਸਿਗਨਲ ਬਣਿਆ ਮੌਤ ਦਾ ਕਾਰਨ: ਇਸ ਮੌਕੇ ਦਿਲਪ੍ਰੀਤ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪੜ੍ਹਾਈ ਕਰਨ ਲਈ ਇੰਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ,ਜਿਥੇ ਉਹ ਪੜ੍ਹਾਈ ਦੇ ਨਾਲ ਨਾਲ ਉਹ ਡਰਾਈਵਰੀ ਕਰਦਾ ਸੀ ਤੇ ਗੱਡੀ ਚਲਾਉਂਦਾ ਸੀ। ਇਸ ਦੌਰਾਨ ਜਦ ਉਹ ਸੜਕ 'ਤੇ ਟਰੈਫਿਕ ਲਾਈਟ ਲਾਲ ਤੋਂ ਹਰੀ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ, ਕਿ ਅਚਾਨਕ ਕੈਨੇਡਾ ਦੇ ਕੁਝ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਾਡੇ ਕੋਲ ਕੈਨੇਡਾ ਜਾਣ ਦਾ ਕੋਈ ਹੀਲਾ ਨਾ ਬਣਿਆ ਤਾਂ ਸਰਕਾਰ ਦੀ ਮਦਦ ਲਈ ਗਈ। ਜਿਸ ਤਹਿਤ ਉਹਨਾਂ ਦੇ ਪੁੱਤਰ ਨੂੰ ਆਖਰੀ ਵੇਲੇ ਵੇਖਣ ਦਾ ਮੌਕਾ ਮਿਲਿਆ ਹੈ।
ਮੰਤਰੀ ਨੇ ਵੀ ਪਰਿਵਾਰ ਨਾ ਕੀਤਾ ਦੁੱਖ ਸਾਂਝਾ : ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ 26 ਸਾਲਾਂ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ, ਪਰ ਇਹ ਜੋ ਭਾਣਾ ਵਾਪਰਿਆ ਹੈ ਇਸ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਇਸ ਪਰਿਵਾਰ ਦੇ ਨਾਲ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਕਿਓਂਕਿ ਨੌਜਵਾਨ ਪੁੱਤਰ ਦੀ ਮੌਤ ਦਾ ਗ਼ਮ ਸਹਾਰਨਾ ਬਹੁਤ ਔਖਾ ਹੈ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਈ ਤਾਂ ਉਹ ਪਰਿਵਾਰ ਤੋਂ ਮੁਖ ਨਹੀਂ ਮੋੜਨਗੇ ਅਤੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣਗੇ।