ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ 2022 (Assembly Elections 2022) ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਇਸ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਹਲਚਲ ਵੀ ਜਾਰੀ ਹੈ। ਪੰਜਾਬ ਵਿੱਚ ਜੋੜ-ਤੋੜ ਦੀ ਰਾਜਨੀਤੀ ਜ਼ੋਰਾਂ ਨਾਲ ਚੱਲ ਰਹੀ ਹੈ। ਨੇਤਾ ਆਪ ਪਾਰਟੀ ਅਤੇ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਰਹੇ ਹਨ ਜਿਸ ਦੇ ਚਲਦੇ ਵਿਧਾਨ ਸਭਾ ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰ ਮੁਖਵਿੰਦਰ ਸਿੰਘ ਮੋਖਾ ਆਮ ਆਦਮੀ ਪਾਰਟੀ ਦਾ ਪੱਲ੍ਹਾ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਲਗਾਤਾਰ ਹੀ ਭਾਜਪਾ ਦਾ ਪਰਿਵਾਰ ਵਧਦਾ ਜਾ ਰਿਹਾ ਹੈ ਅਤੇ ਜਲਦ ਭਾਜਪਾ ਦੇ ਉਮੀਦਵਾਰ ਦੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਵਿੱਚ ਈਡੀ ਦੀਆਂ ਰੇਡਾਂ ਹੋ ਰਹੀਆਂ ਹਨ, ਇਸ ਵਿੱਚ ਭਾਜਪਾ ਦਾ ਕੋਈ ਹੱਥ ਨਹੀਂ ਉਹ ਆਪਣਾ ਕੰਮ ਕਰ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ 'ਚ ਸ਼ਾਮਲ ਹੋਏ ਮੁਖਵਿੰਦਰ ਸਿੰਘ ਮੋਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਹੁਤ ਗ਼ਲਤ ਹਨ। ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਕਰੋੜਾਂ ਰੁਪਏ ਲੈ ਕੇ ਟਿਕਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਾਂ ਇਹ ਮਹਿਲਾਵਾਂ ਨੂੰ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇ ਨਹੀਂ ਸਕੇ। ਪੰਜਾਬ ਆ ਕੇ ਸਿਰਫ ਝੂਠੇ ਵਾਅਦੇ ਕਰ ਰਹੇ ਹਨ ਜਿਸ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਭਾਜਪਾ ਦੇ ਫੁੱਲ 'ਚ ਸਵਾਰ ਹੋਇਆ ਹਾਂ।
ਇਹ ਵੀ ਪੜ੍ਹੋ: ਭਾਜਪਾ 65 ਸੀਟਾਂ ਤੇ ਕੈਪਟਨ 39 ਸੀਟਾਂ ’ਤੇ ਲੜ ਸਕਦੇ ਨੇ ਚੋਣ, ਅੱਜ ਸੂਚੀ ਹੋਵੇਗੀ ਜਾਰੀ !