ਅੰਮ੍ਰਿਤਸਰ: ਭਾਰਤ ਵਿੱਚ 2024 ਦੀਆਂ ਮੈਂਬਰ ਪਾਰਲੀਮੈਂਟ ਚੋਣਾਂ (Member of Parliament Elections) ਨੂੰ ਲੈ ਕੇ ਲਗਾਤਾਰ ਹੀ ਕਾਂਗਰਸ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਆਲ ਇੰਡੀਆ ਕਾਂਗਰਸ ਦੇ ਯੂਵਰਾਜ ਰਾਹੁਲ ਗਾਂਧੀ (Rahul Gandhi) ਭਾਰਤ ਯਾਤਰਾ ਤਹਿਤ ਪੈਦਲ ਮਾਰਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨਗੀ ਸੌਂਪੀਆਂ ਜਾ ਰਹੀਆਂ ਹਨ। ਜਿਸ ਦੇ ਚਲਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੰਮ੍ਰਿਤਸਰ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਤਾਜਪੋਸ਼ੀ ਕੀਤੀ ਗਈ।
ਜਿਸ ਦੇ ਚਲਦੇ ਕਾਂਗਰਸ ਦਿਹਾਤੀ ਦੇ ਦਫ਼ਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੀ ਪਾਰਟੀ ਬਦਲਾਅ ਦੇ ਨਾਂ ਤੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਵਿਚ ਆਈ ਹੈ, ਬਦਲਾਅ ਲੈ ਕੇ ਆ ਰਹੀ ਹੈ ਕਿ ਆਪਣੇ ਚੁਣੇ ਹੋਏ ਨੁਮਾਇੰਦੇ ਚੱਲਾ ਰਹੀ ਹੈ।
'ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਸਭ ਰਲ ਮਿਲ ਕੇ ਚੱਲ ਰਹੇ ਹਨ': ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਸਭ ਰਲ ਮਿਲ ਕੇ ਚੱਲ ਰਹੇ ਹਨ ਪਰ ਫੇਰ ਵੀ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਜਿੱਤ ਇਕ ਨਵੀਂ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਪਹਿਲਾਂ ਤਰਨਤਾਰਨ ਵਿਖੇ ਦਿਹਾਤੀ ਦੇ ਪ੍ਰਧਾਨ ਦੀ ਤਾਜਪੋਸ਼ੀ ਕਰ ਕੇ ਆਏ ਹਨ ਅਤੇ ਹੁਣ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਬਣੇ ਪ੍ਰਧਾਨ ਪ੍ਰਤਾਪ ਸਿੰਘ ਅਜਨਾਲਾ ਨੂੰ ਕੁਰਸੀ ਤੇ ਬਿਠਾਉਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਜਨਵਰੀ ਦੇ ਪਹਿਲੇ ਹਫਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੇਗੀ। ਜਿਸ ਲਈ ਉਹ ਵਰਕਰਾਂ ਦੇ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਨੂੰ ਲਾਮਬੱਧ ਕੀਤਾ ਜਾਵੇਗਾ।
ਕਿਸਾਨਾਂ ਅਤੇ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਸਾਂਝੀ ਅਪੀਲ: ਕਿਸਾਨਾਂ ਵੱਲੋਂ ਟਾਂਡਾ ਵਿਖੇ ਟੋਲ ਪਲਾਜ਼ਾ ਦੇ ਅਧਿਕਾਰੀਆਂ ਦੇ ਨਾਲ ਝੜਪ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਸਾਂਝੀ ਅਪੀਲ ਕਰਦੇ ਹਨ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਰਨ ਦਾ ਧਰਨਾ ਲਾਉਣ ਦਾ ਹੱਕ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸ਼ਮੂਲੀਅਤ ਦਾ ਵੀ ਖਿਆਲ ਜ਼ਰੂਰ ਰੱਖਿਆ ਜਾਵੇ। ਇਸ ਮੌਕੇ ਕਾਂਗਰਸ ਦਫ਼ਤਰ ਸਾਬਕਾ ਡਿਪਟੀ ਸੀ ਐੱਮ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਸਾਬਕਾ ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਹਿਮਾਚਲ ਦੀ ਜਿੱਤ ਤੋਂ ਬਾਅਦ ਕਾਂਗਰਸ ਦੇ ਵਰਕਰ ਦੇ ਵਿਚ ਫੇਰ ਜਾਨ ਫੂਕੀ ਗਈ ਹੈ ਅਤੇ ਇਸ ਜੋਸ਼ ਨੂੰ ਹੁਲਾਰਾ ਦੇਣ ਵਾਸਤੇ ਰਾਜਾ ਵੜਿੰਗ ਅੱਜ ਪਹੁੰਚੇ ਹਨ। ਦੂਸਰੇ ਪਾਸੇ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਪਹਿਲੇ ਹਫਤੇ ਪੰਜਾਬ ਵਿੱਚ ਪਹੁੰਚਣ ਵਾਲੀ ਹੈ। ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਾਂਗਰਸੀ ਵਰਕਰ ਨੂੰ ਜੋ ਕਿ ਮਾਨਸਿਕ ਤੌਰ ਤੇ ਤਿਆਰ ਨਹੀਂ ਹੈ। ਉਸ ਵਿਚ ਨਵਾਂ ਜੋਸ਼ ਪਾਇਆ ਜਾਵੇ ਤਾਂ ਜੋ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਸਫਲ ਹੋ ਸਕੇ ਜ਼ਰੂਰੀ ਹੈ ਕਿ ਭਾਰਤ ਜੋੜੋ ਯਾਤਰਾ ਪੰਜਾਬ ਦੀ ਕਾਮਯਾਬੀ ਅਤੇ ਨਾਕਾਮਯਾਬੀ ਦੋਹਾਂ ਲਈ ਹੀ ਪੰਜਾਬ ਕਾਂਗਰਸ ਪ੍ਰਧਾਨ ਜ਼ਿੰਮੇਵਾਰ ਹੋਣਗੇ। ਪੰਜਾਬ ਵਿਚ ਭਾਰਤ ਜੋੜੋ ਯਾਤਰਾ ਨੂੰ ਕਿੰਨਾਂ ਹੁੰਗਾਰਾ ਮਿਲਦਾ ਹੈ ਇਹ ਤਾਂ ਯਾਤਰਾ ਦੇ ਪਹੁੰਚਣ ਤੇ ਹੀ ਦੱਸਿਆ ਜਾ ਸਕਦਾ ਹੈ ਪਰ ਉਸ ਦੇ ਵਾਸਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵਰਕਰਾਂ ਨੂੰ ਲਾਮਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਸਿੰਲਡਰਾਂ ਨਾਲ ਹੋਏ ਧਮਾਕੇ ਤੋਂ ਬਾਅਦ ਦੁਕਾਨਾਂ 'ਚ ਲੱਗੀ ਅੱਗ, 2 ਝੁਲਸੇ