ਅੰਮ੍ਰਿਤਸਰ: ਰਾਹੁਲ ਗਾਂਧੀ ਸ਼ਾਮੀ ਮੁੜ ਤੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸੰਗਤ ਨੂੰ ਪਾਣੀ ਪਿਲਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਆਪਣੇ ਕਾਫਲੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਇੱਥੇ ਉਨ੍ਹਾਂ ਨੇ ਮੱਥਾ ਟੇਕਿਆ। ਉਨ੍ਹਾਂ ਵੱਲੋਂ ਅੱਜ ਗੁਰੂ ਘਰ ਦੀ ਸੇਵਾ ਵੀ ਕੀਤੀ ਗਈ ਹੈ। ਰਾਹੁਲ ਗਾਂਧੀ ਵਲੋਂ ਇਸ ਮੌਕੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਹੈ।
ਬਰਤਨ ਸਾਫ਼ ਕਰਨ ਦੀ ਕੀਤੀ ਸੇਵਾ: ਰਾਹੁਲ ਗਾਂਧੀ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਫਿਰ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਮੌਕੇ ਉਹ ਆਮ ਜਨਤਾ ਦੀ ਤਰ੍ਹਾਂ ਭੀੜ ਵਿੱਚ ਮੌਜੂਦ ਰਹੇ।
ਦਰਸ਼ਨੀ ਡਿਊੜੀ ਦੀ ਪਰਿਕਰਮਾ ਕੀਤੀ: ਰਾਹੁਲ ਗਾਂਧੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਰਾਹੁਲ ਗਾਂਧੀ ਵਲੋਂ ਦਰਸ਼ਨੀ ਡਿਊੜੀ ਦੀ ਪਰਿਕਰਮਾ ਵੀ ਕੀਤੀ ਗਈ। ਗਾਂਧੀ ਵਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਕਾਂਗਰਸੀਆਂ ਦੀ ਕੋਈ ਮੀਟਿੰਗ ਨਹੀਂ: ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਪੁੱਜੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦਾ ਅੱਜ ਇਹ ਨਿੱਜੀ ਦੌਰਾ ਹੈ। ਉਹ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਕਾਂਗਰਸੀਆਂ ਦੀ ਮੀਟਿੰਗ ਨਹੀਂ ਹੈ। ਉਹ ਆਪਣੇ ਨਿੱਜੀ ਚਾਰਟਰ ਰਾਹੀਂ ਅੰਮ੍ਰਿਤਸਰ ਪੁੱਜੇ ਹਨ। ਔਜਲਾ ਨੇ ਕਿਹਾ ਰਾਹੁਲ ਗਾਂਧੀ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਹਨ। ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਦੋਂ ਪੰਜਾਬ 'ਚ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਡਰੱਗਜ਼ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚਾਲੇ ਭਾਰਤ ਗਠਜੋੜ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਇਸ ਦੇ ਨਾਲ ਹੀ, ਭਾਰਤ ਗਠਜੋੜ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਪਹਿਲੀ ਵਾਰ ਪੰਜਾਬ ਆਏ ਹਨ। ਦੇਖਣਾ ਇਹ ਹੋਵੇਗਾ ਕਿ 'ਆਪ' ਆਗੂਆਂ ਦਾ ਉਸ ਪ੍ਰਤੀ ਕਿਹੋ ਜਿਹਾ ਰਵੱਈਆ ਹੈ। ਇੱਕ ਪਾਸੇ ਰਾਹੁਲ ਗਾਂਧੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਦੇ ਅੰਮ੍ਰਿਤਸਰ ਫੇਰੀ 'ਤੇ ਘਮਾਸਾਣ ਜਾਰੀ ਹੈ। ਰਾਹੁਲ ਗਾਂਧੀ ਦੀ ਅੰਮ੍ਰਿਤਸਰ ਆਉਣ ਦੇ ਸਮੇਂ 'ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਸ ਨੂੰ ਸਿਆਸਤ ਨਾਲ ਜੋੜ ਕੇ ਵਿਰੋਧੀਆ ਵੱਲੋਂ ਦੇਖਿਆ ਜਾ ਰਿਹਾ ਹੈ।