ਮਾਨਸਾ/ਤਰਨਤਾਰਨ/ਅੰਮ੍ਰਿਤਸਰ/ਹੁਸ਼ਿਆਰਪੁਰ/ਪਠਾਨਕੋਟ: ਨਸ਼ੇ ਦੇ ਖਿਲਾਫ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਜ਼ਿਲ੍ਹਾ ਏਡੀਜੀਪੀ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਦੀ ਅਗਵਾਈ ਵਿੱਚ CASO ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ ਹੈ। ਇਸ ਤਹਿਤ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆ ਚੋਂ ਨਸ਼ੀਲੀਆਂ ਗੋਲੀਆਂ ਲਾਹਣ ਅਤੇ ਗਾਂਜਾ ਬਰਾਮਦ ਕਰਕੇ ਮੌਕੇ ਉੱਤੇ ਹੋਰ ਵੀ ਕਾਰਵਾਈ (CASO Operation In Punjab) ਵੀ ਕੀਤੀ ਗਈ ਹੈ।
ਮਾਨਸਾ 'ਚ CASO ਸਰਚ ਅਭਿਆਨ: ਮਾਨਸਾ ਵਿੱਚ ਅੱਜ ਯਾਨੀ ਸੋਮਵਾਰ ਨੂੰ 300 ਦੇ ਕਰੀਬ ਪੁਲਿਸ ਕਰਮਚਾਰੀ ਤੈਨਾਤ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਵਿੱਚ ਚੈਕਿੰਗ ਕੀਤੀ ਗਈ। ਮਾਨਸਾ ਸ਼ਹਿਰ ਵਿੱਚ ਏਡੀਜੀਪੀ ਰਾਕੇਸ਼ ਕੌਸ਼ਲ ਦੀ ਅਗਵਾਈ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਸਮੇਤ ਪੁਲਿਸ ਅਧਿਕਾਰੀਆਂ ਵੱਲੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ।
ਇਸ ਦੌਰਾਨ ਏਡੀਜੀਪੀ ਰਾਕੇਸ਼ ਕੌਂਸਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 300 ਦੇ ਕਰੀਬ ਪੁਲਿਸ ਕਰਮਚਾਰੀ ਤੈਨਾਤ ਕਰਕੇ ਟੀਮਾਂ ਬਣਾਈਆਂ ਗਈਆਂ ਹਨ, ਜੋ ਸਵੇਰੇ 8 ਵਜੇ ਤੋਂ ਸਰਚ ਅਭਿਆਨ ਨਸ਼ੇ ਦੇ ਖਿਲਾਫ ਸ਼ੁਰੂ ਹੋਇਆ ਅਤੇ 2 ਵਜੇ ਤੱਕ ਇਹ ਸਰਚ ਅਭਿਆਨ ਚੱਲਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਗਾਂਜਾ ਲਾਹਣ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਪੁਲਿਸ ਨੇ ਪੰਜ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਆਮ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ।
ਤਰਨਤਾਰਨ 'ਚ CASO ਸਰਚ ਅਭਿਆਨ: ਡਰੱਗ ਦੇ ਸਮਗਲੱਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਹਰੀਕੇ ਪੱਤਣ ਏਰੀਏ ਵਿਚ ਡੀ ਆਈ ਜੀ ਅਜੇ ਮਾਲੂਜਾ ਅਤੇ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਹਰੀਕੇ ਪੱਤਣ ਦੇ ਦੇ ਏਰੀਏ ਨੂੰ ਚੈੱਕ ਕੀਤਾ ਗਿਆ।
ਇਸ ਦੌਰਾਨ 4 ਮੁਕਦਮੇ ਐਕਸਾਈਜ਼, 3 ਐਨਡੀਪੀਐਸ,1 ਪੀਓ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਸਵਾ ਦੋ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਅੱਜ ਦੀ ਇਹ ਚੈਕਿੰਗ ਸਵੇਰੇ 8 ਤੋਂ 2 ਵਜੇ ਤੱਕ ਚੱਲੀ। ਤਰਨਤਾਰਨ ਏਰੀਏ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਚੈਕਿੰਗ ਕੀਤੀ ਗਈ ਜਿਸ ਵਿਚ 550 ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ।
ਅੰਮ੍ਰਿਤਸਰ ਵਿਖੇ ਡਰੱਗ ਸਰਚ ਆਪਰੇਸ਼ਨ: ਜੰਡਿਆਲਾ ਗੁਰੂ ਸ਼ਹਿਰ ਵਿੱਚ ਵੀ ਪੁਲਿਸ ਵੱਲੋਂ ਅਪਰੇਸ਼ਨ "ਕਾਸੋ" ਤਹਿਤ ਡਰੱਗ ਸਰਚ ਓਪਰੇਸ਼ਨ ਚਲਾਇਆ ਗਿਆ ਜਿਸ ਦੀ ਅਗਵਾਈ ਏਡੀਜੀਪੀ ਮੁਨੀਸ਼ ਚਾਵਲਾ ਨੇ ਕੀਤੀ। ਇਸ ਸਰਚ ਆਪ੍ਰੇਸ਼ਨ ਦੌਰਾਨ ਐਸ ਐਸ ਪੀ ਸਤਿੰਦਰ ਸਿੰਘ, ਐਸ ਪੀ ਯੁਗਰਾਜ ਸਿੰਘ, ਡੀ ਐਸ ਪੀ ਕੁਲਦੀਪ ਸਿੰਘ,ਐਸ ਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਅੱਜ ਦਾ ਸਰਚ ਓਪਰੇਸ਼ਨ ਮੁਹੱਲਾ ਸ਼ੇਖੂਪੁਰਾ ਵਿੱਚ ਚੱਲਿਆ ਹੈ, ਜੋ ਕਰੀਬ ਦੁਪਹਿਰ 2 ਵਜੇ ਤੱਕ ਚੱਲਿਆ।
ਪਠਾਨਕੋਟ ਵਿੱਚ CASO ਅਭਿਆਨ: ਕਾਸੋ ਅਭਿਆਨ ਤਹਿਤ, ਪਠਾਨਕੋਟ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਜਿਸ ਦਾ ਹਿਸਾ ਡੀ.ਆਈ.ਜੀ, ਐਸ.ਟੀ.ਐਫ ਆਪ ਬਣੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ, ਐਸ.ਟੀ.ਐਫ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਇਸ ਲਈ ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਉੱਤੇ ਓਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਕੜੀ ਦੇ ਚੱਲਦੇ ਅੱਜ ਓਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਸੁਨੇਹਾ ਮਿਲ ਸਕੇ ਕਿ ਪੰਜਾਬ ਪੁਲਿਸ ਨਸ਼ੇ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਹੁਣ ਪੱਬਾਂ ਭਾਰ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪਠਾਨਕੋਟ ਤੋਂ ਐਕਸਾਈਜ਼ ਤਹਿਤ 8 ਰਿਕਵਰਿਆਂ ਹੋਈਆਂ ਹਨ। ਐਨ.ਡੀ.ਪੀ.ਐਸ ਤਹਿਤ 5 ਰਿਕਵਰੀਆਂ, 2 ਕੋਰਟ ਤੋਂ ਫ਼ਰਾਰ ਆਰੋਪੀਆਂ ਨੂੰ ਫੜ੍ਹਨ ਵਿੱਚ ਕਾਮਜਾਬੀ ਹਾਸਲ ਹੋਈ ਹੈ।
ਹੁਸ਼ਿਆਰਪੁਰ ਵਿੱਚ ਸਰਚ ਅਭਿਆਨ: ਅੱਜ ਹੁਸ਼ਿਆਰਪੁਰ ਡੀਜੀਪੀ ਸ਼ਸ਼ੀ ਪ੍ਰਭਾ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ਉੱਤੇ ਚੈਕਿੰਗ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਡੀਜੀਪੀ ਸ਼ਸ਼ੀ ਪ੍ਰਭਾ ਨੇ ਕਿਹਾ ਕਿ ਪੁਲਿਸ ਸਦੈਵ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਵੱਧ ਰਹਿੰਦੀ ਹੈ ਤੇ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਸਮਾਜ ਦਾ ਮਾਹੌਲ ਖਰਾਬ ਨਾ ਕਰਨ ਦਿੱਤਾ ਜਾਵੇ ਤੇ ਅਜਿਹਿਆਂ ਉੱਤੇ ਸਖ਼ਤ ਕਾਰਵਾਈਆਂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਐਨਪੀਡੀਐਸ ਮਾਮਲਿਆਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਗੰਭੀਰਤਾ ਦਿਖਾ ਰਹੀ ਹੈ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਤੇ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ। ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਵੀ ਦੱਸਿਆ ਕਿ ਨਸ਼ੇ ਦੇ ਖ਼ਿਲਾਫ਼ ਚੱਲੇ ਸਰਚ ਓਪਰੇਸ਼ਨ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।