ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਸ਼੍ਰੋਮਣੀ ਕਮੇਟੀ ਦੇ ਆਗੂ ਪਹੁੰਚੇ।
ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਦੇ ਪੁੰਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸਤਿਕਾਰ ਅਤੇ ਭਾਵਨਾ ਨਾਲ ਦੂਰੋ ਨੇੜਿਓ ਆ ਕੇ ਮਨਾ ਰਹੀਆਂ ਹਨ ਤੇ ਜੀਵਨ ਸਫ਼ਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਅੱਜ ਅੰਮ੍ਰਿਤਸਰ ਸ਼ਹਿਰ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ, ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਹਨ, ਉਹ ਅਰਦਾਸ ਵਿੱਚ ਦਰਬਾਰ ਸਾਹਿਬ ਦਰਸ਼ਨਾਂ ਦੀ ਅਰਜੋਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਰਸੋ ਤੋਂ ਲੈ ਕੇ ਦਰਬਾਰ ਸਾਹਿਬ ਵਿਖੇ ਸਮਾਗਮ ਚੱਲ ਰਹੇ ਹਨ, ਪਹਿਲੇ ਦਿਨ ਨਗਰ ਕੀਰਤਨ ਹੋਇਆ ਜਿਸ ਵਿੱਚ ਸੰਗਤਾਂ ਨੇ ਚਾਅ ਤੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਤਰ੍ਹਾਂ ਲੰਗਰ ਲਾਏ ਗਏ ਅਤੇ ਦੂਜੇ ਦਿਨ ਮੰਜੀ ਸਾਹਿਬ ਵਿਖੇ ਰਾਗ-ਦਰਬਾਰ ਹੋਇਆ ਅਤੇ ਅੱਜ ਮੰਜੀ ਸਾਹਿਬ ਵਿਖੇ ਮਹਾਨ ਕਵੀ ਦਰਬਾਰ ਹੋਵੇਗਾ।
ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਪੁਰਬ ਮੌਕੇ ਬੰਬਈ ਦੀਆਂ ਸੰਗਤਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਫੁੱਲਾਂ ਨਾਲ ਦਰਬਾਰ ਸਾਹਿਬ,ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਮੰਜੀ ਸਾਹਿਬ ਸਜਾਇਆ ਗਿਆ ਅਤੇ ਉਹਨਾਂ ਦੇ ਨਾਲ 20 ਦੇ ਕਰੀਬ ਕਾਰੀਗਰ ਵੀ ਪਹੁੰਚੇ,ਇਸ ਲਈ ਉਹ ਬੰਬਈ ਦੀਆਂ ਸੰਗਤਾਂ ਦਾ ਤਹਿ ਦਿਲੋੰ ਧੰਨਵਾਦ ਕਰਦੇ ਹਨ।