ਅੰਮ੍ਰਿਤਸਰ: ਸ਼ਹਿਰ ਦੇ ਜੌੜੇ ਪਿੱਪਲ ਇਲਾਕੇ ਵਿੱਚ ਗੋਲੀਆਂ ਚੱਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗਾਲਾਂ ਕੱਢਣ ਤੋਂ ਰੋਕਣ 'ਤੇੇ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਮਾਮਲੇ 'ਚ 3 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਨੌਜਵਾਨਾਂ ਨੇ ਗਾਲਾਂ ਕੱਢਣ ਤੋਂ ਰੋ ਕੇ ਜਾਣ ਨੂੰ ਲੈ ਕੇ ਚਲਾਈਆਂ ਗੋਲੀਆਂ'
ਪੀੜਤ ਔਰਤ ਜਤਿੰਦਰ ਕੌਰ ਨੇ ਕਿਹਾ ਕਿ ਜੌੜੇ ਪੀਪਲ ਇਲਾਕੇ ਵਿੱਚ ਸੰਧੂ ਡੇਅਰੀ ਵਾਲਾ ਵਿਸ਼ਾਲ ਨਾਂਅ ਦਾ ਨੌਜਵਾਨ ਰੋਜ਼ਾਨਾ ਗਾਲਾਂ ਕੱਢਦਾ ਰਹਿੰਦਾ ਸੀ। ਪਿਛਲੀ ਰਾਤ ਵੀ ਗਾਲਾਂ ਕੱਢ ਰਿਹਾ ਸੀ, ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਤਾਂ ਉਹ ਭੱਜ ਗਿਆ। ਐਤਵਾਰ ਸਵੇਰੇ ਉਹ ਆਪਣੇ ਇੱਕ ਸਾਥੀ ਨਾਲ ਆਇਆ ਅਤੇ ਉਚੀ-ਉਚੀ ਗੰਦੀਆਂ ਗਾਲਾਂ ਕੱਢਣ ਲੱਗੇ।
ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੇ 6-7 ਫ਼ਾਇਰ ਕੀਤੇ। ਇਸ ਦੌਰਾਨ ਦਿਲਪ੍ਰੀਤ ਨਾਂਅ ਦੇ ਇੱਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਵੀ ਕਰ ਲਿਆ ਹੈ, ਜਦਕਿ ਵਿਸ਼ਾਲ ਮੌਕੇ ਤੋਂ ਭੱਜ ਗਿਆ।
'ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ'
ਉਧਰ, ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਇਹ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ। ਉਹ ਜਾਂਚ ਕਰ ਰਹੇ ਹਨ। ਤਿੰਨ ਲੋਕ ਜ਼ਖ਼ਮੀ ਹੋਏ ਹਨ। ਉਹ ਅਜੇ ਮੌਕੇ ਉਪਰ ਪੁੱਜੇ ਹਨ ਅਤੇ ਜਾਂਚ ਕਰ ਰਹੇ ਹਨ।