ਅੰਮ੍ਰਿਤਸਰ: ਰਣਜੀਤ ਐਵੀਨਿਊ ਵਿਖੇ ਦੇਰ ਰਾਤ ਇੱਕ ਬਾਊਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂਅ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪੇਸ਼ੇ ਵਜੋਂ ਬਾਊਂਸਰ ਸੀ ਅਤੇ ਬੀਤੀ ਰਾਤ ਉਸ ਦੇ ਨਾਲ ਹੀ ਕੰਮ ਕਰਦੇ ਬਾਊਂਸਰਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਕਿਸੇ ਪੁਰਾਣੀ ਰੰਜਿਸ਼ ਕਰਕੇ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਮੇਰਾ ਭਰਾ ਯੂਰਪੀਅਨ ਨਾਇਟ ਕਲੱਬ ਦੇ ਵਿੱਚ ਬਾਊਂਸਰ ਦਾ ਕੰਮ ਕਰਦਾ ਸੀ ਅਤੇ ਪ੍ਰਗਟ ਸਿੰਘ ਨਾਲ ਡਿਊਟੀ ਤੋਂ ਵਾਪਸ ਆ ਰਿਹਾ ਸੀ, ਉਸੇ ਦੌਰਾਨ ਉਸ ਦਾ ਇੰਨ ਬੇਕਰੀ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ।
ਗੁਰਮੇਲ ਸਿੰਘ ਨੇ ਦੱਸਿਆ ਕਿ ਜਿਸ ਨੇ ਉਸ ਦੇ ਭਰਾ ਦਾ ਕਤਲ ਕੀਤਾ ਹੈ, ਉਸ ਨੇ ਫ਼ੇਸਬੁੱਕ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ।
ਜਗਰੂਪ ਸਿੰਘ ਨਾਲ ਕੰਮ ਤੋਂ ਵਾਪਸ ਆ ਰਹੇ ਚਸ਼ਮਦੀਦ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਲੱਬ ਤੋਂ ਡਿਊਟੀ ਖ਼ਤਮ ਹੋਣ ਤੋਂ ਬਾਅਦ ਘਰ ਨੂੰ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਬਾਥਰੂਮ ਕਰਨ ਦੇ ਲਈ ਰੁਕੇ। ਅਚਾਨਕ ਹੀ ਉਨ੍ਹਾਂ ਦੇ ਕੋਲ ਇੱਕ ਸਵਿਫ਼ਟ ਕਾਰ ਆ ਕੇ ਰੁਕੀ ਅਤੇ ਕਾਰ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਹੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।
ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਉਰਫ਼ ਜੱਗਾ, ਜੋ ਯੂਰਪੀਅਨ ਨਾਈਟ ਕਲੱਬ ਵਿੱਚ ਬਾਊਂਸਰ ਦਾ ਕੰਮ ਕਰਦਾ ਸੀ। ਉਹ ਆਪਣੀ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਜੱਗਾ ਇੰਨ ਬੇਕਰੀ ਨੇੜੇ ਬਾਥਰੂਮ ਕਰਨ ਲਈ ਰੁਕਿਆ। ਉਸੇ ਸਮੇਂ ਕੁਝ ਨੌਜਵਾਨ ਸਵਿਫ਼ਟ ਕਾਰ ਵਿੱਚ ਆਏ ਅਤੇ ਜਗਰੂਪ ਉੱਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇਖ ਕੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।