ਅੰਮ੍ਰਿਤਸਰ: ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰ ਦੀ ਸਾਰ ਲੈਣ ਲਈ ਸ਼ੁੱਕਰਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੰਮ੍ਰਿਤਸਰ ਦੇ ਪਿੰਡ ਮੁੱਛਲ ਪਹੁੰਚੇ। ਅਸ਼ਵਨੀ ਸ਼ਰਮਾ ਨੇ ਪਿੰਡ ਮੁੱਛਲ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ, ਪਾਰਟੀ ਦੇ ਮਹਾਂ ਮੰਤਰੀ ਜੀਵਨ ਗੁਪਤਾ ਤੇ ਜ਼ਿਲ੍ਹਾ ਪ੍ਰਧਾਨ ਅਨਿਲ ਤੇ ਹੋਰ ਵੀ ਆਗੂਆਂ ਨੇ ਉਨ੍ਹਾਂ ਦੇ ਨਾਲ ਪੀੜਤਾਂ ਪਰਿਵਾਰ ਦੀ ਸਾਰ ਲਈ ਤੇ ਉਨ੍ਹਾਂ ਨਾਲ ਦੁੱਖ ਪ੍ਰਗਟਾਇਆ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਜਿਹੜਾ 120 ਪਰਿਵਾਰਾਂ ਉੱਤੇ ਆਫ਼ਤ ਆਈ ਹੈ ਤੇ ਉਨ੍ਹਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇਸ ਵਿੱਚ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਦੀ ਨਲਾਇਕੀ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਸਰਕਾਰ ਦੀ ਮਿਲੀ ਭਗਤ ਤੇ ਬਿਨਾ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਜ਼ਹਿਰੀਲੀ ਸ਼ਰਾਬ ਜਾਂ ਨਕਲੀ ਸ਼ਰਾਬ ਦਾ ਕਾਰੋਬਾਰ ਚਲ ਹੀ ਨਹੀਂ ਸਕਦਾ। ਇਹ ਕਿਸੇ ਵੀ ਆਮ ਵਿਅਕਤੀ ਦੇ ਬੱਸ ਦਾ ਕਾਰੋਬਾਰ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਸਿਆਸਤਦਾਨੀ ਇਨ੍ਹਾਂ ਕਾਰੋਬਾਰੀਆਂ ਨੂੰ ਸ਼ਰਨ ਦਿੰਦੇ ਹਨ ਉਨ੍ਹਾਂ ਦੇ ਚਿਹਰੇ ਵੀ ਬੇਨਕਾਬ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਜਿਨ੍ਹੀਆਂ ਵੀ ਜਾਨਾਂ ਗਈਆਂ ਹਨ ਉਸ ਵਿੱਚ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਵਿਅਕਤੀਆਂ ਦਾ ਸਰਕਾਰੀ ਕਤਲ ਹੋਇਆ ਹੈ। ਉਨ੍ਹਾਂ ਨੇ ਕੈਪਟਨ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਰਹਿਣਾ ਦਾ ਕੋਈ ਹੱਕ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਉੱਤੇ ਕਾਂਗਰਸੀ ਆਗੂ ਤੱਕ ਨੂੰ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਉੱਤੇ ਕਾਂਗਰਸੀ ਆਗੂ ਦਾ ਵਿਸ਼ਵਾਸ ਨਹੀਂ ਹੈ। ਉਸ ਸਰਕਾਰ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ:ਦੇਸ਼ ਵਿੱਚ 20 ਲੱਖ ਤੋਂ ਪਾਰ ਪਹੁੰਚੇ ਕੋਰੋਨਾ ਮਾਮਲੇ