ਅੰਮ੍ਰਿਤਸਰ: ਪੰਥ ਪ੍ਰਸਿੱਦ ਪਦਮ ਸ੍ਰੀ ਭਾਈ ਨਿਰਲਮ ਸਿੰਘ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਦਾ ਵਿਰੋਧ ਹੋ ਰਿਹਾ ਹੈ। ਪਿੰਡ ਵੇਰਕਾ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਜਾਣਾ ਸੀ, ਪਰ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਜਿੰਦਰੇ ਮਾਰ ਕੇ ਬੰਦ ਕਰ ਦਿੱਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਸਕਾਰ ਕਿਤੇ ਹੋਰ ਕੀਤਾ ਜਾਵੇ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ। ਵੇਰਕਾ ਦੇ ਐੱਮਸੀ ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਖਾਲਸਾ ਦੀ ਮੌਤ ਦਾ ਡੂੰਘਾ ਦੁੱਖ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਖ਼ਤਰੇ ਕਾਰਨ ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕਰਨ ਤੋਂ ਮਨ੍ਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਪਿੰਡ ਦੀ ਖੁੱਲ੍ਹੀ ਥਾਂ 'ਤੇ ਸਸਕਾਰ ਕਰਨ ਦੀ ਬੇਨਤੀ ਕਰ ਰਹੇ ਹਨ ਅਤੇ ਹਰ ਸੰਭਵ ਮਦਦ ਲਈ ਵੀ ਤਿਆਰ ਹਨ। ਹਰਪਾਲ ਸਿੰਘ ਨੇ ਕਿਹਾ ਕਿ ਇੱਥੇ ਲੋਕਾਂ ਦੇ ਘਰ ਹਨ ਅਤੇ ਬਿਮਾਰੀ ਫੈਲਣ ਦਾ ਖ਼ਤਰਾ ਹੈ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ ਦਾ ਹੱਲ ਕਰਨ ਵਿੱਚ ਲੱਗਿਆ ਹੋਇਆ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਅਬਾਦੀ ਤੋਂ ਦੂਰ ਹੋਣ ਕਾਰਨ ਇਸ ਥਾਂ ਦੀ ਚੋਣ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਭਾਈ ਖ਼ਾਲਸਾ ਦਾ ਸਸਕਾਰ ਗੁਰਦੂਆਰਾ ਸ਼ਹੀਦਾਂ ਵਿੱਚ ਹੋਣਾ ਸੀ।