ਅੰਮ੍ਰਿਤਸਰ :ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਸੁਸ਼ੋਭਤ ਹੈ, ਇਨ੍ਹਾਂ ਭਗਤਾਂ ਨੂੰ ਗੁਰੂ ਜਾਂ ਸਤਿਗੁਰੂ ਦਾ ਦਰਜਾ ਦਿੱਤਾ ਜਾਵੇ। ਇਹ ਮੰਗ ਲੈ ਕੇ ਕਥਾਵਾਚਕ ਭਾਈ ਕੇਵਲ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਤਾਂ ਅਤੇ ਗੁਰੂਆਂ ਦੇ ਨਾਂਅ 'ਤੇ ਵਖਰੇਵਾਂ ਬਹੁਤ ਵੱਡੇ ਪੱਧਰ 'ਤੇ ਹੈ, ਕਿਉਂਕਿ ਸਟੇਜਾਂ ਉੱਤੋਂ ਭਗਤ ਸਾਹਿਬਾਨਾਂ ਨੂੰ ਗੁਰੂ ਨਹੀਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਸਾਰੇ ਭਗਤ ਸਾਹਿਬਾਨਾਂ ਨੂੰ ਗੁਰੂ ਜਾਂ ਸਤਿਗੁਰੂ ਸੰਬੋਧਨ ਕੀਤਾ ਜਾਵੇ।
ਭਗਤ ਸਾਹਿਬਾਨ ਕਹਿਣ ਨਾਲ ਕੀ ਸਮੱਸਿਆ ਹੈ ?
ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਪੜ੍ਹਨ ਲਿਖਣ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਭਗਤ ਦਾ ਰੁੱਤਬਾ ਨੀਵਾਂ ਅਤੇ ਗੁਰੂ ਦਾ ਰੁਤਬਾ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੁਤਬਾ ਹੈ ਅਤੇ ਉਸ ਵਿੱਚ ਸਾਰੀ ਬਾਣੀ ਗੁਰੂ ਸਮਾਨ ਹੈ।
ਇਸ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਭਗਤਾਂ ਲਈ ਗੁਰੂ ਜਾਂ ਸਤਿਗੁਰੂ ਸ਼ਬਦ ਵਰਤਿਆ ਜਾਵੇ, ਜਿਸ ਵਾਸਤੇ ਹੁਕਮਨਾਮਾ ਜਾਰੀ ਹੋਵੇ। ਉਨ੍ਹਾਂ ਦੱਸਿਆ ਕਿ ਜਥੇਦਾਰ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਉਨ੍ਹਾਂ ਦਾ ਮਸਲਾ ਵਿਚਾਰਿਆ ਜਾਵੇਗਾ।
ਨਕਲੀ ਤੇ ਬ੍ਰਾਹਮਣਵਾਦੀ ਸੋਚ
ਦੂਜੇ ਵੱਡੇ ਮਸਲੇ ਬਾਰੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਮਾਝੇ ਅਤੇ ਮਾਲਵੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਅਰਦਾਸ ਕੀਤੀ ਗਈ ਕਿ ਦਲਿਤ ਸਿੱਖ ਝੋਨਾ ਲਾਉਣ ਸਮੇਂ ਆਪਣੇ ਬਰਤਨ ਅਲੱਗ ਲੈ ਕੇ ਆਉਣ ਅਤੇ ਝੋਨੇ ਦੀ ਲਵਾਈ ਬਾਰੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮਾਜਿਕ ਬਾਈਕਾਟ ਕੀਤੇ ਗਏ।
ਉਨ੍ਹਾਂ ਕਿਹਾ ਕਿ ਜੋ ਸਿੱਖ ਕਦੇ ਗਰੀਬਾਂ ਦੀ ਮੱਦਦ ਲਈ ਜਾਣੇ ਜਾਂਦੇ ਸਨ,ਹੁਣ ਨਕਲੀ ਤੇ ਬ੍ਰਾਹਮਣਵਾਦੀ ਸੋਚ ਵਾਲੇ ਪੈਦਾ ਹੋਏ ਅਖੌਤੀ ਸਿੱਖਾਂ ਨੇ ਅਜਿਹੇ ਕਾਰਨਾਮੇ ਕਰਕੇ ਸਿੱਖੀ ਸਿਧਾਂਤਾਂ ਨੂੰ ਠੇਸ ਪੁਚਾਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਮਿਲਦਾ ਹੈ ਤੇ ਇਸ ਲਈ ਜਾਤੀ ਭੇਦਭਾਵ ਕਰਨਾ ਅਤਿ ਮੰਦਭਾਗਾ ਹੈ।