ਅੰਮ੍ਰਿਤਸਰ: ਲੋਹੜੀ ਦੇ ਸ਼ੁੱਭ ਦਿਹਾੜੇ ਮੌਕੇ ਜਿੱਥੇ ਲੋਕ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਜਸ਼ਨ ਮਨਾਉਂਦੇ ਕਾਫੀ ਖਰਚ ਕਰਦੇ ਹਨ। ਉਥੇ ਹੀ ਦੂਸਰੀ ਤਰਫ ਕੁਝ ਲੋਕ ਇਸ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਉਣਾ ਚਾਹੁੰਦੇ ਹਨ। ਜਿਸ ਨਾਲ ਤਿਉਹਾਰ ਵੀ ਮਨਾਇਆ ਜਾਵੇ ਤੇ ਲੋੜਵੰਦਾਂ ਦੀ ਮਦਦ ਵੀ ਹੀ ਸਕੇ।
ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਘਰੇਲੂ ਰਾਸ਼ਨ ਸਮਾਨ: ਗ੍ਰਾਮ ਪੰਚਾਇਤ ਘਰ ਬਿਆਸ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਦਲਬੀਰ ਸਿੰਘ ਟੋਂਗ ਦੇ ਦਿਸ਼ਾ ਨਿਰਦੇਸ਼ਾਂ ਆਪ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਦੀ ਅਗਵਾਈ ਅਤੇ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਦੇ ਪ੍ਰਬੰਧਾਂ ਹੇਠ ਇਕ ਸੰਖੇਪ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਲੋਹੜੀ ਮੌਕੇ ਸਥਾਨਕ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਸਮਾਨ ਵੰਡਿਆ ਗਿਆ। ਪ੍ਰੋਗਰਾਮ ਦੀ ਸਮਾਪਤੀ ਮੌਕੇ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਵਲੋਂ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਆਏ ਹੋਏ ਆਪ ਲੀਡਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਜਸ਼ਨਾਂ ਤੇ ਪੈਸੇ ਖਰਚਣ ਦੀ ਬਜਾਏ ਲੋੜਵੰਦ ਪਰਿਵਾਰਾਂ ਨਾਲ ਸਾਂਝੀਆਂ ਕੀਤੀਆਂ ਖੁਸ਼ੀਆਂ: ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਅਗਵਾਈ ਹੇਠ ਅੱਜ ਪੰਚਾਇਤ ਘਰ ਬਿਆਸ ਵਿਖੇ ਲੋਹੜੀ ਦਾ ਤਿਉਹਾਰ ਲੋੜਵੰਦ ਪਰਿਵਾਰਾਂ ਨਾਲ ਮਨਾਇਆ ਗਿਆ। ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਵੱਖਰੀ ਪਹਿਲ ਕਦਮੀ ਕਰਦਿਆਂ ਵੱਡੇ ਪ੍ਰੋਗਰਾਮਾਂ ਤੇ ਪੈਸੇ ਨਾ ਖਰਚ ਕਰਦਿਆਂ ਬਿਆਸ ਪੰਚਾਇਤ ਵਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦਾ ਸਮਾਨ ਦਿੱਤਾ ਗਿਆ ਹੈ। ਓਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋੜ ਹੈ ਕਿ ਜਸ਼ਨਾਂ ਤੇ ਪੈਸੇ ਖਰਚਣ ਦੀ ਬਜਾਏ ਲੋੜਵੰਦ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ
ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲਾਂ ਵੀ ਤਿਉਹਾਰਾਂ ਨੂੰ ਅਲੱਗ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਵੱਖਰੀ ਪਹਿਲਕਦਮੀ ਕੀਤੀ ਗਈ ਹੈ। ਉਕਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਤਿਉਹਾਰ ਤੇ ਪਤੰਗਬਾਜ਼ੀ ਕਰਨ ਮੌਕੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ।