ਅੰਮ੍ਰਿਤਸਰ: ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਨੂੰ ਘੰਟਾ ਘਰ ਗੋਲਡਨ ਪਲਾਜਾ ਵਿਖੇ ਛਾਂਦਾਰ ਵਾਤਾਵਰਣ ਦੇਣ ਲਈ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਵੱਡ ਅਕਾਰੀ ਗਮਿਲਆਂ 'ਚ ਵੱਖ-ਵੱਖ ਕਿਸਮਾਂ ਦੇ ਬੂਟੇ ਕੁਦਰਤੀ ਵਾਤਾਵਰਣ ਸਿਰਜਣਗੇ ਜਿਸ ਦੀ ਸ਼ਰੂਆਤ ਮੌਕੇ ਐਤਵਾਰ ਨੂੰ 25 ਦਰਖ਼ਤ ਲਾਏ ਗਏ।
ਸ਼੍ਰੋਮਣੀ ਕੇਮਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਹਰਿਆ ਭਰਿਆ ਤੇ ਸ਼ਾਨਦਾਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵਰਟੀਕਲ ਗਾਰਡਨ ਤੇ ਰੂਫ਼ ਗਾਰਡਨ ਦੇ ਰੂਪ ਵਿੱਚ ਕਾਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਰਾਂਡਿਆਂ ਉਪਰ ਹਰਿਆਵਲ ਵਾਲੇ ਬੂਟੇ ਤੇ ਖ਼ੂਬਸੂਰਤ ਵੇਲਾਂ ਤੋਂ ਬਾਅਦ ਹੁਣ ਪਲਾਜਾ ਵਿਖੇ ਛਾਂਦਾਰ ਬੂਟੇ ਲਗਾਏ ਗਏ ਹਨ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਮੀਂਹ ਨੇ ਪੰਜਾਬ ਦੇ ਸਾਹ ਸੂਤੇ
ਬੂਟੇ ਲਾਉਣ ਦੀ ਸ਼ੁਰੂਆਤ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਪੰਜਾਬ ਸਰਕਾਰ ਦੇ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਵਾਤਾਵਰਣ ਤੇ ਬਾਗਬਾਨੀ ਦੇ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਸਮੇਤ ਹੋਰ ਮੌਜੂਦ ਸਨ।