ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਆਏ ਦਿਨ ਗੋਲੀਆਂ ਚੱਲਣ ਅਤੇ ਸ਼ਰੇਆਮ ਗੁੰਡਾਗਰਦੀ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਰਗਰਮ ਹਨ। ਹਾਲਾਤ ਬਿਆਂ ਕਰ ਰਹੇ ਹਨ ਕਿ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ। ਅੱਜ ਤਾਜ਼ਾ ਮਾਮਲਾ ਪਿੰਡ ਮੁਹਾਵਾ ਤੋਂ ਸਾਹਮਣੇ ਆਇਆ ਜਿੱਥੇ ਇਕ ਸਾਬਕਾ ਫੌਜੀ ਨੇ ਇਲਜ਼ਾਮ ਲਾਏ ਕਿ ਉਤੇ ਜਾਨਲੇਵਾ ਹਮਲਾ ਹੋਇਆ ਹੈ।
ਫੇਸਬੁੱਕ 'ਤੇ ਲਾਈਵ ਹੋ ਦਿੱਤੀ ਹਮਲੇ ਦੀ ਜਾਣਕਾਰੀ: ਸਾਬਕਾ ਗੁਰਪ੍ਰੀਤ ਸਿੰਘ ਮੁਹਾਵਾ ਨੇ ਅਪਣੇ ਉੱਤੇ ਹੋਏ ਹਮਲੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉੱਤੇ ਲਾਈਵ ਹੋ ਕੇ ਦੱਸਿਆ। ਉਸ ਨੇ ਇਲਜ਼ਾਮ ਲਾਏ ਕਿ ਮੁਲਜ਼ਮ ਕਾਰ ਵਿੱਚ ਸਵਾਰ ਸਨ ਤੇ ਉਨ੍ਹਾਂ ਮੁਲਜ਼ਮਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਮੌਕੇ 'ਤੇ ਪਹੁੰਚੀ ਪੁਲਿਸ: ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਪ੍ਰਵੇਸ਼ ਚੋਪੜਾ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਮੌਕੇ 'ਤੇ ਕੋਈ ਗੋਲੀ ਨਹੀਂ ਚੱਲੀ, ਹਾਲਾਂਕਿ ਇੱਕ ਲੜਾਈ ਜ਼ਰੂਰ ਹੋਈ ਹੈ। ਗੁਰਪ੍ਰੀਤ ਸਿੰਘ ਦੀ ਕਿਸੇ ਨਾਲ ਲੜਾਈ ਹੋ ਗਈ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਨਹੀਂ ਹੋਈ ਗੋਲੀਬਾਰੀ: ਡੀਐਸਪੀ ਪ੍ਰਵੇਸ਼ ਚੋਪੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਖ਼ਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 8.30 ਵਜੇ ਰਾਤ ਦਾ ਖਾਣਾ ਖਾਣ ਲਈ ਘਰ ਜਾ ਰਿਹਾ ਸੀ, ਤਾਂ ਰਸਤੇ ਵਿੱਚ ਉਸ ਦੀ ਕੁਝ ਮੁੰਡਿਆਂ ਨਾਲ ਲੜਾਈ ਹੋ ਗਈ। ਜਿੱਥੇ ਉਸ ਨੂੰ ਸੱਟ ਲੱਗੀ। ਰਾਤ ਨੂੰ ਹੀ ਮੌਕੇ 'ਤੇ ਜਾ ਕੇ ਜਾਂਚ ਕੀਤੀ। ਇਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋਈ ਸੀ ਅਤੇ ਗੋਲੀਬਾਰੀ ਵਰਗੀ ਕੋਈ ਘਟਨਾ ਨਹੀਂ ਵਾਪਰੀ। ਉਸ ਨੂੰ ਸੱਟਾਂ ਲੱਗੀਆਂ ਹਨ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।