ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ। ਸੁਖਬੀਰ ਸਿੰਘ ਬਾਦਲ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੇਸ਼ੱਕ ਬੇਅਦਬੀ ਦੇ ਦੋਸ਼ ਲਈ ਮਾਫੀ ਮੰਗੀ ਗਈ। ਉੱਥੇ ਹੀ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀ ਮੰਗੇ ਜਾਣ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ।
'ਅਸੀ ਕਿਸੇ ਦਾ ਦਿਲ ਦੁਖਾਇਆ ਤਾਂ ਉਸ ਦੀ ਮੁਆਫੀ': ਸੁਖਬੀਰ ਸਿੰਘ ਬਾਦਲ ਨੇ ਕਿਹਾ, "ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕੇ ਗੁਰੂ ਮਹਾਰਾਜ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਕਿ ਜੇ ਸਾਡੀ ਸਰਕਾਰ ਵੇਲੇ ਜਾਂ ਬਿਨ੍ਹਾਂ ਸੱਤਾ ਦੇ ਅਸੀਂ ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ, ਮੈਂ ਮੁਆਫੀ ਮੰਗਦਾ ਹਾਂ। ਜੋ ਸਾਡੇ ਸਰਕਾਰ ਵੇਲ੍ਹੇ ਬੇਅਦਬੀਆਂ ਹੋਈਆਂ, ਉਸ ਲਈ ਵੀ ਮੈਂ ਮੁਆਫੀ ਮੰਗਦਾ ਹਾਂ।"
'ਅਸਲ ਦੋਸ਼ੀ ਅਸੀਂ ਨਹੀਂ ਫੜ ਸਕੇ': ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ, "ਲੋਕਾਂ ਦਾ ਮੰਨਣਾ ਹੈ ਕਿ ਜਦੋਂ ਬੇਅਦਬੀਆਂ ਹੋਈਆਂ ਉਸ ਸਮੇਂ ਪੰਥਕ ਸਰਕਾਰ ਸੀ, ਹਾਂ ਪੰਥਕ ਸਰਕਾਰ ਸੀ, ਪਰ ਜਦੋਂ ਅਸੀ ਇਹ ਪਤਾ ਕਰਨ ਲੱਗੇ ਕਿ ਇਹ ਸਭ ਕਿਵੇਂ ਹੋਇਆ, ਤਾਂ ਸਾਡੇ ਉੱਤੇ ਦਬਾਅ ਪਾ ਕੇ ਸਾਨੂੰ ਬੇਅਦਬੀ ਮਾਮਲੇ ਦੀ ਜਾਂਚ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਜਾਂਚ ਸੀਬੀਆਈ ਕੋਲ ਚਲੀ ਗਈ। ਇਸ ਦੀ ਵੀ ਮੈਂ ਮੁਆਫੀ ਮੰਗਦਾ ਹਾਂ ਕਿ ਅਸੀ ਅਸਲ ਦੋਸ਼ੀ ਨਹੀ ਫੜ ਪਾਏ।"
'ਅਸਲ ਦੋਸ਼ੀ ਜੇਲ੍ਹਾਂ 'ਚ ਪਵਾਂਗੇ': ਸੁਖਬੀਰ ਬਾਦਲ ਨੇ ਕਿਹਾ, "ਪਰ, ਹੁਣ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜੇ ਬੇਅਦਬੀ ਮਾਮਲੇ ਦੇ ਅਸਲੀ ਦੋਸ਼ੀ ਹਨ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਪਾਵਾਂਗੇ ਅਤੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ, ਉਨ੍ਹਾਂ ਦੇ ਚਿਹਰੇ ਵੀ ਕੌਮ ਸਾਹਮਣੇ ਬੇਨਕਾਬ ਕਰਾਂਗੇ।"
ਪਰਕਾਸ਼ ਬਾਦਲ ਨੂੰ ਸੀ ਇਸ ਦਾ ਦੁੱਖ: ਇਸ ਤੋਂ ਇਲਾਵਾ, ਸੁਖਬੀਰ ਬਾਦਲ ਨੇ ਕਿਹਾ ਕਿ, "ਸਵਰਗੀ ਪਰਕਾਸ਼ ਸਿੰਘ ਬਾਦਲ ਦੁਖੀ ਸਨ ਕਿ ਉਨ੍ਹਾਂ ਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਤਾਕਤਾਂ ਇਕੱਠੀਆਂ ਹੋਈਆਂ ਅਤੇ ਰਾਜਨੀਤੀ ਹੋਈ। ਸਾਰਿਆਂ ਨੇ ਇਕੱਠੇ ਹੋ ਕੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਇਆ। ਅਜਿਹਾ ਦਬਾਅ ਪਾਇਆ ਗਿਆ ਕਿ ਕੇਸ ਸੀਬੀਆਈ ਨੂੰ ਸੌਂਪਣਾ ਪਿਆ ਅਤੇ ਅਕਾਲੀ ਦਲ ਇਸ ਦੀ ਜਾਂਚ ਨਾ ਕਰ ਸਕੇ। ਬੇਅਦਬੀ ਵੇਲੇ ਸਾਰੇ ਅਕਾਲੀ ਦਲ ਬਾਦਲ ਰੌਲਾ ਪਾਉਂਦੇ ਰਹੇ।"