ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ਐੱਸਜੀਪੀਸੀ ਮੁੱਖ ਦਫ਼ਤਰ (SGPC Head Office) ਵਿੱਚ ਐੱਸਜੀਪੀਸੀ ਪ੍ਰਧਾਨ ਦੀਆਂ ਹੋਈਆਂ ਚੋਣਾਂ ਦੌਰਾਨ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਤੋਂ ਐੱਸਜੀਪੀਸੀ ਦੇ ਪ੍ਰਧਾਨ ਬਣੇ ਜਿਸ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਐੱਸਜੀਪੀਸੀ ਮੁੱਖ ਦਫਤਰ ਪਹੁੰਚੇ ਅਤੇ ਐੱਸਜੀਪੀਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ।
ਇਕਜੁੱਟ ਹੋਣ ਦੀ ਲੋੜ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami ) ਨੇ ਕਿਹਾ ਕਿ ਐਸਜੀਪੀਸੀ ਦੇ ਸਾਰੇ ਮੈਂਬਰਾਂ ਨੂੰ ਆਪਣੇ ਗੁੱਸੇ ਗਿਲੇ ਭੁਲਾ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਖਤਮ ਕਰਨ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: 1 ਸਾਲ ਪਹਿਲਾ ਘਰੋਂ ਭੱਜੇ ਨੌਜਵਾਨ ਦੀ ਮਾਪੇ ਅੱਜ ਵੀ ਆਪਣੇ ਲਾਲ ਦੀ ਕਰ ਰਹੇ ਭਾਲ
ਸਿੱਖਾਂ ਨਾਲ ਬੇਇਨਸਾਫੀ: ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਜਾਂ ਕਿਤੇ ਵੀ ਇਨਸਾਫ਼ ਦੇ ਵਿੱਚ ਸਿੱਖਾਂ ਦੀ ਵਾਰੀ ਆਉਂਦੀ ਹੈ ਤਾਂ ਸਿੱਖਾਂ ਨੂੰ ਬੇਇਨਸਾਫ਼ੀ (Sikhs get injustice) ਹੀ ਮਿਲਦੀ ਹੈ ਅਤੇ ਬਹੁਤ ਸਾਰੀਆਂ ਧਿਰਾਂ ਐੱਸਜੀਪੀਸੀ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਧੜੇਬੰਦੀਆਂ ਛੱਡ ਕੇ ਇਕਜੁੱਟ ਹੋ ਕੇ ਸਿੱਖੀ ਲਈ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਦੇ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸਾਨੂੰ ਪਹਿਲਕਦਮੀ ਕਰਕੇ ਵੱਡੇ ਯਤਨ ਕਰਨ ਦੀ ਲੋੜ ਹੈ ।
ਇੱਥੇ ਹੀ ਜ਼ਿਕਰਯੋਗ ਹੈ ਕਿ ਇਸ ਵਾਰ ਐਸਜੀਪੀਸੀ ਚੋਣਾਂ ਵਿੱਚ ਬੀਬੀ ਜਗੀਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚ ਟੱਕਰ ਦੇਖਣ ਨੂੰ ਮਿਲੀ ਜਿਸ ਵਿੱਚ ਕਿ ਹਰਜਿੰਦਰ ਸਿੰਘ ਧਾਮੀ ਨੂੰ ਜਿੱਤ ਵੀ ਪ੍ਰਾਪਤ ਹੋਈ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਜੋ ਕੰਮ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕੀਤੇ ਹਨ ਅਤੇ ਉਹ ਨੂੰ ਨੇਪਰੇ ਵੀ ਚੜ੍ਹਨਗੇ। ਦੂਸਰੇ ਪਾਸੇ ਬੀਬੀ ਜਗੀਰ ਕੌਰ ਦਾ ਬਿਆਨ ਸੀ ਕਿ ਉਹ ਐੱਸਜੀਪੀਸੀ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਏਗੀ। ਹੁਣ ਦੇਖਣਾ ਇਹ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਕਾਰਜਕਾਲ ਦੌਰਾਨ ਸਿੱਖੀ ਪ੍ਰਚਾਰ ਲਈ ਅਤੇ ਸਿੱਖੀ ਲਈ ਕੀ ਕੁਝ ਕਰਦੇ ਹਨ ਕਿਉਂਕਿ ਐਗਜ਼ੀਕਿਊਟਿਵ ਮੈਂਬਰ ਟੀਮ ਵਿੱਚ ਦੋ ਮੈਂਬਰ ਬੀਬੀ ਜਗੀਰ ਕੌਰ ਦੇ ਧੜੇ ਦੇ ਵੀ ਸ਼ਾਮਲ ਹਨ।