ਅੰਮ੍ਰਿਤਸਰ: ਸ਼ਹਿਰ ਦੀ ਥਾਣਾ ਇਸਲਾਮਾਬਾਦ ਪੁਲਿਸ ਨੇ ਪਿਛਲੇ ਦਿਨੀਂ ਹੋਏ ਦੁਕਾਨਦਾਰ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਵੱਲੋਂ ਕਾਤਲ ASI ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ASI ਰਾਜੇਸ਼ ਸੇਠੀ ਦਾ ਭਤੀਜਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਾਰਦਾਤ ਦੌਰਾਨ ASI ਦੇ ਨਾਲ ਉਸਦਾ ਭਤੀਜਾ ਵੀ ਮੌਜੂਦ ਸੀ।
ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਕਲ ਦੇਰ ਰਾਤ ਥਾਣਾ ਇਸਲਾਮਾਬਾਦ ਦੇ ਅਧੀਨ ਸੰਜੇ ਆਨੰਦ ਨਾਮ ਦਾ ਵਿਅਕਤੀ ਜੋ ਕਿ ਆਪਣੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਕਰਦਾ ਸੀ ਉਸ ਨੂੰ ਉਸਦੇ ਨਜ਼ਦੀਕ ਹੀ ਰਹਿਣ ਵਾਲੇ ਪੰਜਾਬ ਪੁਲਿਸ ਵਿਚ ASI ਰਾਜੇਸ਼ ਕੁਮਾਰ ਸੇਠੀ ਨੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਸ਼ਖ਼ਸ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਮੌਜੂਦ ਖੜੇ ਗਵਾਹਾਂ ਮੁਤਾਬਿਕ ASI ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉੱਥੇ ਆ ਕੇ ਉਸਦੀ ਸੰਜੇ ਆਨੰਦ ਨਾਲ ਬਹਿਸਬਾਜ਼ੀ ਹੋਈ ਤੇ ਰਾਜੇਸ਼ ਕੁਮਾਰ ਨੇ ਉਸਨੂੰ ਗੋਲੀ ਮਾਰ ਦਿੱਤੀ।
ਪਤਾ ਲੱਗਾ ਕਿ ਸੰਜੇ ਆਨੰਦ ਨੇ ਰਾਜੇਸ਼ ਸੇਠੀ ਦੇ ਖਿਲਾਫ਼ ਗਵਾਹੀ ਦਿੱਤੀ ਸੀ ਜਿਸਦੇ ਚਲਦੇ ਉਹ ਕੱਲ ਰਾਤ ਸ਼ਰਾਬ ਦੇ ਨਸ਼ੇ ਵਿਚ ਆਇਆ ਤੇ ਉਸਨੇ ਸੰਜੇ ਆਨੰਦ ਨੂੰ ਗੋਲੀ ਮਾਰ ਦਿੱਤੀ। ਪੁਲਿਸ ਦਾ ਕਹਿਣੈ ਕਿ ਉਨ੍ਹਾਂ ਮੁਲਜ਼ਮ ਰਾਜੇਸ਼ ਕੁਮਾਰ ਸੇਠੀ ਨੂੰ ਕਾਬੂ ਕਰ ਲਿਆ ਹੈ ਤੇ ਉਸਦੀ ਸਰਵਿਸ ਰਿਵਾਲਵਰ ਬਰਾਮਦ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੈਟਰੋਲ ਪੰਪ ‘ਤੇ ਦਿਖੀ ਗੁੰਡਾਗਰਦੀ, ਤਸਵੀਰਾਂ CCTV 'ਚ ਕੈਦ