ਅੰਮ੍ਰਿਤਸਰ: ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗੁੰਡਾਗਰਦੀ ਵਧਦੀ ਜਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਪੰਜਾਬ ਸਰਕਾਰ ਜਾਂ ਕਾਨੂੰਨ ਦਾ ਡਰ ਖ਼ੌਫ਼ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਗੁੰਡਾਗਰਦੀ ਦੀਆਂ ਨਿੱਤ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਇਕ ਵਾਰ ਫਿਰ ਅੰਮ੍ਰਿਤਸਰ ਦੇ ਪ੍ਰੀਤ ਨਗਰ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਨੌਜਵਾਨਾਂ ਵੱਲੋਂ ਇੱਕ ਗਲੀ ਵਿੱਚ ਜਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਗਲੀ ਵਿੱਚ ਪਥਰਾਅ ਵੀ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਉੱਤੇ ਮੋਹਕਮਪੁਰਾ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਗੁੰਡਾਗਰਦੀ ਦੀ ਵੀਡੀਓ ਵੀ ਆਈ ਸਾਹਮਣੇ: ਅੰਮ੍ਰਿਤਸਰ ਵਿੱਚ ਇਕ ਵਾਰ ਫਿਰ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿੱਥੇ ਕਿ 10-12 ਅਣਪਛਾਤੇ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਪ੍ਰੀਤ ਨਗਰ ਇਲਾਕੇ ਵਿਚ ਸ਼ਰੇਆਮ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ। ਇਸ ਦੀ ਵੀਡੀਓ ਵੀ ਕਿਸੇ ਵਿਅਕਤੀ ਵੱਲੋਂ ਬਣਾ ਲਈ ਗਈ। ਤਸਵੀਰਾਂ ਵਿਚ ਸਾਫ਼ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਇਕ ਗਲੀ ਵਿੱਚ ਪਥਰਾਅ ਕਰ ਰਹੇ ਹਨ ਅਤੇ ਹੁੱਲੜਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ।
ਗਲੀ ਵਿੱਚ ਕੀਤਾ ਪਥਰਾਅ: ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਸੁਮਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਲੜਕੇ ਦੀ ਵਿਨੋਦ ਨਾਮਕ ਨੌਜਵਾਨ ਨਾਲ ਵਾਲੀਬਾਲ ਖੇਡਦੇ ਸਮੇਂ ਝਗੜਾ ਹੋਇਆ ਸੀ। ਇਸ ਤੋਂ ਬਾਅਦ ਉਸ ਦਾ ਲੜਕਾ ਡਰ ਕੇ ਘਰ ਹੀ ਨਹੀਂ ਆਇਆ। ਦੂਜੇ ਪਾਸੇ ਅੱਜ ਦੇਰ ਰਾਤ ਕੁਝ ਸ਼ਰਾਰਤੀ ਨੌਜਵਾਨ ਉਨ੍ਹਾਂ ਦੀ ਗਲੀ ਵਿੱਚ ਪਹੁੰਚੇ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗਲੀ ਵਿੱਚ ਕਾਫ਼ੀ ਪਥਰਾਵ ਉਨ੍ਹਾਂ ਨੌਜਵਾਨਾਂ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ, ਉਨ੍ਹਾਂ ਦੇ ਘਰ ਦੇ ਲੱਗੇ ਦਰਵਾਜ਼ੇ ਨੂੰ ਵੀ ਨੌਜਵਾਨਾਂ ਵਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
- BSF ਨੇ ਸੁੱਟਿਆ ਪਾਕਿਸਤਾਨੀ ਡਰੋਨ: ਖੇਪ ਚੁੱਕਣ ਆਇਆ ਤਸਕਰ ਕਾਬੂ; 40 ਕਰੋੜ ਦੀ ਹੈਰੋਇਨ ਵੀ ਬਰਾਮਦ
- ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਦਰਬਾਰ ਸਾਹਿਬ ਨਜ਼ਦੀਕ ਤੰਬਾਕੂ ਦੀ ਦੁਕਾਨ ਦੀ ਤੋੜਭੰਨ
- ਦੇਸ਼ ਨੂੰ ਮਿਲਿਆ ਨਵਾਂ ਸੰਸਦ ਭਵਨ, ਪੀਐਮ ਮੋਦੀ ਨੇ ਕੀਤਾ ਉਦਘਾਟਨ
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ, ਤਾਂ ਪੁਲਿਸ ਅਧਿਕਾਰੀ ਨਵਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰੀਤ ਨਗਰ ਇਲਾਕੇ ਵਿੱਚ ਕੁਝ ਨੌਜਵਾਨ ਵੱਲੋ ਗਲੀ ਵਿੱਚ ਪਥਰਾਅ ਕੀਤਾ ਜਾ ਰਿਹਾ ਤੇ ਹੁੱਲੜਬਾਜੀ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਜਿਸ ਤੋਂ ਬਾਅਦ ਸੁਮਨ ਨਾਮਕ ਔਰਤ ਦੇ ਬਿਆਨ ਕਲਮਬੱਧ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਗਲੀ ਵਿੱਚ ਖਿੱਲਰਿਆ ਸਮਾਨ ਵੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਹੁਣ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।