ਅੰਮ੍ਰਿਤਸਰ: ਅਨਲੌਕ ਸ਼ੁਰੂ ਹੁੰਦੇ ਹੀ ਸ਼ਹਿਰ 'ਚ ਅਪਰਾਧਕ ਘਟਨਾਵਾਂ ਵੱਧ ਗਈਆਂ ਹਨ। ਮਾਨ ਸਿੰਘ ਰੋਡ ਦੇ ਨੇੜਲੇ ਇਲਾਕੇ 'ਚ ਕੁੱਝ ਅਣਪਛਾਤੇ ਲੁੱਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਪਿਸਤੌਲ ਵਿਖਾ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤ ਮਹਿਲਾ ਹਰਭਜਨ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਕਰਿਆਨਾ ਸਟੋਰ ਹੈ। ਰੋਜ਼ਾਨਾਂ ਵਾਂਗ ਅੱਜ ਵੀ ਤੜਕੇ ਉਨ੍ਹਾਂ ਨੇ 7 ਵਜੇ ਆਪਣੀ ਦੁਕਾਨ ਖੋਲੀ। ਕੁੱਝ ਸਮਾਂ ਬਾਅਦ ਉਨ੍ਹਾਂ ਦੀ ਦੁਕਾਨ 'ਚ ਚਾਰ ਅਣਪਛਾਤੇ ਲੁੱਟੇਰੇ ਦਾਖਲ ਹੋ ਗਏ। ਉਨ੍ਹਾਂ 'ਚੋਂ ਇੱਕ ਨੇ ਹਰਭਜਨ ਕੌਰ ਦਾ ਗਲਾ ਦਬਾ ਦਿੱਤਾ ਅਤੇ ਦੁਕਾਨ ਦੀ ਗੋਲਕ 'ਚ ਪਏ ਨਗਦ ਰੁਪਏ ਕੱਢ ਲਏ। ਉਨ੍ਹਾਂ 'ਚੋਂ ਦੋ ਲੁੱਟੇਰੇ ਦੁਕਾਨ ਰਾਹੀਂ ਘਰ ਦੇ ਅੰਦਰ ਦਾਖਲ ਹੋ ਗਏ। ਹਰਭਜਨ ਕੌਰ ਦੀ ਪੋਤੀ ਨੇ ਜਦ ਲੁੱਟੇਰਿਆਂ ਨੂੰ ਘਰ 'ਚ ਦਾਖਲ ਹੁੰਦੇ ਵੇਖਿਆ ਤਾਂ ਉਹ ਫੋਨ ਲੈ ਕੇ ਬਾਥਰੂਮ ਵਿੱਚ ਦਾਖਲ ਹੋ ਗਈ। ਉਸ ਨੇ ਇਸ ਬਾਰੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ।
ਪੀੜਤਾ ਦੇ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਭਤੀਜੀ ਵੱਲੋਂ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਉਹ ਆਪਣੇ ਗੁਆਂਢੀ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਨੂੰ ਵੇਖ ਲੁੱਟੇਰੇ ਭੱਜਣ ਲੱਗੇ। ਰਜਿੰਦਰ ਦੇ ਨਾਲ ਆਏ ਨੌਜਵਾਨ ਨੇ ਜਦ ਲੁੱਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਲੁੱਟੇਰਿਆਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ।