ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਾਲ ਰੋਡ ਉੱਤੇ ਇੱਕ ਬਾਰ ਵਿਚ ਪੁਲਿਸ ਵੱਲੋਂ ਦੇਰ ਰਾਤ ਰੇਡ ਕੀਤੀ ਗਈ। ਜਿੱਥੇ ਬਾਰ ਵਿੱਚ ਹੁੱਕਾ ਬਾਰ ਵੀ ਚੱਲ ਰਹੀ ਸੀ ਅਤੇ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੀ ਪਿਲਾਈ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਬਾਰ ਵਿੱਚੋਂ 17 ਹੁੱਕੇ, 8 ਅੰਗਰੇਜ਼ੀ ਸ਼ਰਾਬ, 20 ਬੋਤਲਾਂ ਬੀਅਰ ਬਰਾਮਦ ਕੀਤੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮਾਲਕ ਅਤੇ ਉਨ੍ਹਾਂ ਦੇ ਬਾਊਂਸਰ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰ ਦਿੱਤੀ ਹੈ।
ਪੁਲਿਸ ਸ਼ਰਾਬ ਤੇ ਹੁੱਕੇ ਕੀਤੇ ਬਰਾਮਦ:- ਇਸ ਦੌਰਾਨ ਹੀ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅਸੀਂ ਮੁਖਬਰ ਦੀ ਸੂਚਨਾ ਦੇ ਆਧਾਰ ਉੱਤੇ ਉੱਥੇ ਰੇਡ ਕੀਤੀ ਸੀ। ਇੱਥੇ ਬਿਨ੍ਹਾਂ ਲਾਇਸੈਂਸ ਤੋਂ ਲੋਕਾਂ ਨੂੰ ਸ਼ਰਾਬ ਪਿਲਾਈ ਜਾਂ ਰਹੀ ਅਤੇ ਨਾਬਾਲਗ ਬੱਚਿਆਂ ਨੂੰ ਹੁੱਕਾ ਵੀ ਪਿਲਾਇਆ ਜਾ ਰਿਹਾ ਸੀ। ਜਿਸ ਵਿੱਚ ਇੱਕ ਲੜਕਾ ਸੱਤਵੀਂ ਕਲਾਸ ਇੱਕ ਨੌਵੀਂ ਕਲਾਸ ਵਿੱਚ ਪੜ੍ਹਨ ਵਾਲਾ ਸੀ। ਇਸ ਤੋਂ ਇਲਾਵਾ ਇਸ ਬਾਰ ਵਿੱਚ 40 ਤੋਂ 50 ਕਰੀਬ ਲੋਕ ਸ਼ਰਾਬ ਅਤੇ ਹੁੱਕੇ ਦਾ ਸੇਵਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਨੂੰ 17 ਦੇ ਕਰੀਬ ਹੁੱਕੇ ਅਤੇ 8 ਸ਼ਰਾਬ ਦੀਆਂ ਬੋਤਲਾਂ ਅਤੇ 20 ਦੇ ਕਰੀਬ ਬੀਅਰ ਦੀਆਂ ਬੋਤਲਾਂ ਬ੍ਰਾਮਦ ਹੋਈਆਂ ਹਨ।
ਬਾਰ ਮਾਲਿਕ ਕੋਲੋ ਲਾਇਸੈਂਸ ਨਹੀਂ ਮਿਲਿਆ:- ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਰੇਡ ਦੌਰਾਨ ਹੀ ਅਸੀਂ ਬਾਰ ਮਾਲਿਕ ਨੂੰ ਲਾਇਸੈਂਸ ਦਿਖਾਉਣ ਲਈ ਕਿਹਾ ਸੀ। ਪਰ ਉਨ੍ਹਾਂ ਵੱਲੋਂ ਸਾਨੂੰ ਕੋਈ ਮਨਜੂਰੀ ਜਾਂ ਲਾਇਸੈਂਸ ਨਹੀਂ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਦੇ ਵਿੱਚ ਮੁੱਕਦਮਾ ਦਰਜ ਕਰ ਦਿੱਤਾ ਹੈ ਅਤੇ ਅਸੀਂ ਬਾਰ ਦੇ ਦੋਵੇਂ ਮਾਲਕ ਅਤੇ ਉਨ੍ਹਾਂ ਦੇ ਬਾਊਂਸਰ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰ ਦਿੱਤੀ ਹੈ।