ਅੰਮ੍ਰਿਤਸਰ: ਜ਼ਿਲ੍ਹੇ ਦੇ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਦੀ ਪੁਲਿਸ ਵਲੋਂ ਬੀਤੇ 01 ਸਤੰਬਰ 2017 ਨੂੰ ਕਥਿਤ ਗੈਂਗਸਟਰ ਸ਼ੁਭਮ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਵਾਉਣ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਕੀਤੇ 181 ਨੰਬਰ ਮੁਕਦਮੇ ਦੀ ਤਫਤੀਸ਼ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਥਿਤ ਤੌਰ ’ਤੇ ਨਾਮ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਟਰਾਂਜਿਟ ਰਿਮਾਂਡ ’ਤੇ ਲਿਆਉਣ ਤੋਂ ਬਾਅਦ 11 ਜੁਲਾਈ ਨੂੰ ਮਾਣਯੋਗ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ।
ਅੱਜ ਅੰਮ੍ਰਿਤਸਰ ਪੁਲਿਸ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨ ਪੁਰੀਆ (gangster Jaggu Bhagwanpurie ) ਨੂੰ ਜੁਡਿਸਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਮਾਣਯੋਗ ਅਦਾਲਤ ਵਿੱਚ ਮੁੜ ਪੇਸ਼ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਜੁਗਰਾਜ ਸਿੰਘ (ਐੱਸਪੀ) ਨੇ ਦੱਸਿਆ ਕਿ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿੱਚ ਇੱਕ 181 ਨੰਬਰ ਮੁੱਕਦਮੇ ਵਿਚ ਪੁੱਛ ਗਿੱਛ ਲਈ ਜੱਗੂ ਭਗਵਾਨਪੁਰੀਆ ਨੂੰ 11 ਜੁਲਾਈ ਨੂੰ ਬਾਬਾ ਬਕਾਲਾ ਸਾਹਿਬ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਮਿਲਿਆ ਸੀ ਅਤੇ ਇਸ ਮਾਮਲੇ ਵਿੱਚ ਹੋਰ ਪੁੱਛ ਗਿੱਛ ਲਈ ਅੱਜ ਪੁਲਿਸ ਨੂੰ 4 ਦਿਨ ਦਾ ਹੋਰ ਰਿਮਾਂਡ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ 21 ਜੁਲਾਈ ਨੂੰ ਮੁੜ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅੱਜ ਜੁਡਿਸ਼ਿਅਲ ਕੋਰਟ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਵਲੋਂ ਕਥਿਤ ਮੁਲਜ਼ਮ ਜੱਗੂ ਭਗਵਾਨ ਪੁਰੀਆ ਨੂੰ ਪੇਸ਼ ਕਰਨ ਨੂੰ ਲੈ ਕੇ ਸਵੇਰ ਤੋਂ ਹੀ ਪੁਲਿਸ ਦਾ ਸਖਤ ਪਹਿਰਾ ਅਤੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਦੁਪਹਿਰ ਸਮੇਂ ਪੁਲਿਸ ਪਾਰਟੀ ਗੈਂਗਸਟਰ ਜੱਗੂ ਨੂੰ ਲੈ ਕੇ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਲੈਕੇ ਪੁੱਜੀ।
ਇਹ ਵੀ ਪੜ੍ਹੋ: CM ਮਾਨ ਨੇ ਮੰਤਰੀਆਂ ਨੂੰ ਦਿੱਤੀ ਵੱਖ-ਵੱਖ ਜ਼ਿਲ੍ਹਿਆਂ ਦੀ ਨਵੀਂ ਜ਼ਿੰਮੇਵਾਰੀ