ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਬਣੀ ਹੋਈ ਹੈ ਜਿਸ ਤਹਿਤ ਪੰਜਾਬ 'ਚ ਕਰਫਿਊ ਲੱਗਿਆ ਹੋਇਆ ਹੈ। ਇਸ ਦੌਰਾਨ ਪੰਜਾਬ 'ਚ ਲੋੜਵੰਦਾਂ ਤੱਕ ਰਾਸ਼ਨ ਪੁਹੰਚਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਮੈਡੀਕਲ ਦੁਕਾਨਦਾਰਾਂ ਨੂੰ ਕਰਫਿਊ ਦੇ ਪਾਸ ਦਿੱਤੇ ਗਏ ਹਨ। ਬੀਤੇ ਦਿਨੀਂ ਅੰਮ੍ਰਿਤਸਰ ਸ਼ਹਿਰ 'ਚ ਜ਼ਿਲ੍ਹਾ ਪੁਲਿਸ ਨੇ ਇੱਕ ਵਿਅਕਤੀ ਤੋਂ ਨਕਲੀ ਕਰਫਿਊ ਪਾਸ ਬਰਾਮਦ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਪੂਰੇ ਸੂਬੇ ਦੇ ਵਿੱਚ ਕਰਫਿਊ ਲੱਗਿਆ ਹੈ, ਜਿਸ ਤਹਿਤ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚ ਨਾਕਾਬੰਦੀ ਕਰਕੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਨੋਵੈਲਟੀ ਚੌਂਕ 'ਤੇ ਨਾਕਾਬੰਦੀ ਕੀਤੀ ਸੀ ਜਿਸ ਤਹਿਤ ਉਸ ਤੋਂ ਨਕਲੀ ਪਾਸ ਬਰਾਮਦ ਹੋਇਆ।
ਇਹ ਵੀ ਪੜ੍ਹੋ:ਕੋਰੋਨਾ ਪੀੜਤ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੇਹਾਂਤ
ਉਨ੍ਹਾਂ ਨੇ ਕਿਹਾ ਕਿ ਮੈਡੀਕਲ ਸਟੋਰ ਦੇ ਮਾਲਕ ਨੂੰ ਕਰਫਿਊ ਪਾਸ ਜਾਰੀ ਕੀਤਾ ਗਿਆ ਸੀ ਪਰ ਉਸ ਨੇ ਆਪਣੇ ਵੱਲੋਂ ਹੀ ਕਰਫਿਊ ਪਾਸ ਬਣਾ ਕੇ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡੇ ਨੂੰ ਦੇ ਦਿੱਤਾ ਸੀ ਜਿਸ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਦੇ ਖਿਲਾਫ਼ ਆਈਪੀਸੀ ਦੀ ਧਾਰਾ 188 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਇਸ ਮਾਮਲੇ 'ਚ ਮੈਡੀਕਲ ਸਟੋਰ ਦੇ ਮਾਲਕ ਤੇ ਮੁਲਜ਼ਮ ਦੋਹਾਂ ਤੇ ਕਾਰਵਾਈ ਕੀਤੀ ਜਾਵੇਗੀ।