ਅੰਮ੍ਰਿਤਸਰ: ਸ਼ਹਿਰ ਵਿੱਚ ਪੁਲਿਸ ਵੱਲੋਂ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤੇ ਜਾਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ 2 ਅੱਤਵਾਦੀਆਂ ਨੂੰ 3 ਗ੍ਰਨੇਡਾਂ ਅਤੇ 1 ਲੱਖ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਅੱਤਵਾਦੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਜਾ ਰਹੇ ਸਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕਾ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਅਤੇ ਅੰਗਰੇਜ ਸਿੰਘ ਕਾਰ 'ਚ ਸਵਾਰ ਹੋ ਕੇ ਪਠਾਨਕੋਟ ਵੱਲ ਜਾ ਰਹੇ ਸਨ। ਅੰਮ੍ਰਿਤਸਰ ਦੇ ਮਕਬੂਲਪੁਰਾ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਵਿਸ਼ੇਸ਼ ਨਾਕਾ ਲਗਾਇਆ ਗਿਆ, ਜਿੱਥੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ: ਗ੍ਰਿਫਤਾਰ ਹੋਏ ਮੁਲਜ਼ਮਾਂ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਸਾਡੇ ਘਰਦਿਆਂ ਨੂੰ ਨਾਜਾਇਜ਼ ਫ਼ਸਾਇਆ ਜਾ ਰਿਹਾ ਹੈ। ਮੁਲਜ਼ਮ ਅੰਗਰੇਜ਼ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਘਰੋਂ ਨਿਕਲੇ ਸੀ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਅੰਗਰੇਜ਼ ਤੇ ਉਸ ਦਾ ਜੀਜਾ ਪ੍ਰਕਾਸ਼ ਸਿੰਘ ਮੰਗਲਵਾਰ ਘਰੋਂ ਮੱਥਾ ਟੇਕਣ ਲਈ ਗਏ ਸਨ। ਉਸ ਨੇ ਕਿਹਾ ਅੱਜ ਸਵੇਰੇ ਸਾਨੂੰ ਅੰਮ੍ਰਿਤਸਰ ਦੇ ਥਾਣਾ ਮਕਬੂਲ ਪੂਰਾ ਤੋਂ ਫੋਨ ਆਇਆ ਕਿ ਅੰਗਰੇਜ ਸਿੰਘ ਤੇ ਪ੍ਰਕਾਸ਼ ਸਿੰਘ ਨੂੰ ਪੁਲਿਸ ਨੇ ਬੰਬ ਦੇ ਨਾਲ ਕਾਬੂ ਕੀਤਾ ਹੈ। ਪਰਮਜੀਤ ਕੌਰ ਨੇ ਕਿਹਾ ਕਿ ਅਸੀਂ ਕੱਲ੍ਹ ਫਿਰੋਜ਼ਪੁਰ ਪੁਲਿਸ ਥਾਣੇ ਵਿੱਚ ਗੁੰਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਅੰਗਰੇਜ ਸਿੰਘ ਦੀ ਪਤਨੀ ਨੇ ਕਿਹਾ ਕਿ ਇਕ ਹਫ਼ਤਾ ਅੰਗਰੇਜ ਸਿੰਘ ਹਸਪਤਾਲ ਵਿਚ ਦਾਖਿਲ ਰਿਹਾ ਸੀ। ਅਸੀਂ ਸੁਖਣਾ ਸੁੱਖੀ ਸੀ ਕਿ ਅੰਗਰੇਜ ਸਿੰਘ ਠੀਕ ਹੋਵੇਗਾ ਤੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਵੇਗਾ। ਪਰ, ਮੱਥਾ ਟੇਕਣ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੰਦੇ ਬੇਕਸੂਰ ਹਨ। ਪਰਮਜੀਤ ਕੌਰ ਨੇ ਦੱਸਿਆ ਕਿ ਪੰਜ ਮਹੀਨੇ ਪਹਿਲਾ ਹੀ ਉਸ ਤੇ ਅੰਗਰੇਜ਼ ਦਾ ਵਿਆਹ ਹੋਇਆ ਹੈ।
ਮੁਲਜ਼ਮਾਂ ਦਾ ਹਾਸਲ ਕੀਤਾ ਜਾਵੇਗਾ ਰਿਮਾਂਡ: ਪੁਲਿਸ ਅਧਿਕਾਰੀ ਰਾਜਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮ ਅੰਗਰੇਜ਼ ਸਿੰਘ ਅਤੇ ਪ੍ਰਕਾਸ਼ ਸਿੰਘ ਦੋਵੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਡੀਆਰਆਈ ਵਲੋਂ ਇਕ ਨੌਜਵਾਨ ਪ੍ਰਕਾਸ਼ ਸਿੰਘ ਡਰੱਗ ਕੇਸ ਵਿੱਚ ਅੰਦਰ ਸੀ, ਪੈਰੋਲ 'ਤੇ ਬਾਹਰ ਆਇਆ ਸੀ। ਇਹ ਨੌਜਵਾਨ ਮੁੜ ਜੇਲ ਨਹੀਂ ਗਿਆ, ਇਹ ਭਗੋੜਾ ਸੀ। ਪੁਲਿਸ ਵਲੋਂ ਨਾਕਾ ਲਗਾਇਆ ਗਿਆ ਅਤੇ ਚੈਕਿੰਗ ਦੇ ਦੌਰਾਨ ਇਨ੍ਹਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ ਤੇ ਇਨ੍ਹਾਂ ਕੋਲੋ ਇੱਕ ਗ੍ਰਨੇਡ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਇਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰੇਗੀ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾਵੇ।
ਮੁਲਜ਼ਮਾਂ ਕੋਲੋਂ 3 ਗ੍ਰਨੇਡਾਂ ਅਤੇ 1 ਲੱਖ ਦੀ ਕਰੰਸੀ ਬਰਾਮਦ: ਪੁਲਿਸ ਨੇ ਦੋਹਾਂ ਮੁਲਜ਼ਮਾਂ ਕੋਲੋਂ ਤਿੰਨ ਹੈਂਡ ਗ੍ਰਨੇਡਾਂ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਇੱਕ ਲੱਖ ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ। ਦੋਹਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਡੀਜੀਪੀ ਗੌਰਵ ਯਾਦਵ ਅੰਮ੍ਰਿਤਸਰ ਪਹੁੰਚ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਇਹ ਵੀ ਪੜ੍ਹੋ: Sudhir Suri murder case: ਮੁਲਜ਼ਮ ਸੰਦੀਪ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ