ਅੰਮ੍ਰਿਤਸਰ: ਸੂਬੇ 'ਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਉਧਰ ਅੰਮ੍ਰਿਤਸਰ ਦੇ ਇਲਾਕੇ ਰਣਜੀਤ ਐਵੇਨਿਊ 'ਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ ਸੀ ਤਾਂ ਜੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਦੌਰਾਨ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 10 ਮੈਬਰਾਂ ਨੂੰ ਕਾਬੂ ਕੀਤਾ ਹੈ।
ਚੋਰੀ ਦੇ ਵਾਹਨ ਬਰਾਮਦ: ਪੁਲਿਸ ਆਧਿਕਾਰੀ ਨੇ ਜਾਣਕਾਰੀ ਦਿੰਦੀ ਹੋਏ ਕਿਹਾ ਕਿ ਪੁਲਿਸ ਚੋਰ ਗਿਰੋਹ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਹਨਾਂ ਤੋਂ ਚੋਰੀ ਦੇ 36 ਵਾਹਰ ਬਰਾਮਦ ਹੋਏ ਹਨ। ਇਹਨਾਂ ਵਿੱਚ 34 ਮੋਟਰਸਾਈਕਲ ਤੇ 2 ਐਕਟੀਵਾਂ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ 10 ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਸਨ।
ਲੋਕਾਂ ਨੂੰ ਅਪੀਲ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨੀਂ ਜਿੰਨ੍ਹਾਂ ਵੀ ਲੋਕਾਂ ਦੇ ਵਾਹਨ ਚੋਰੀ ਹੋਏ ਹਨ, ਉਹ ਇੱਕ ਵਾਰ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ, ਕਿਉਂਕਿ ਜਿਹੜੇ ਵਾਹਨ ਪੁਲਿਸ ਨੇ ਬਰਾਮਦ ਕੀਤੇ ਹਨ ਉਹ ਉਹਨਾਂ ਨੇ ਮਾਲਕਾਂ ਨੂੰ ਵਾਪਿਸ ਕਰਨੇ ਹਨ। ਉਨ੍ਹਾਂ ਦੱਸਿਆ ਇਸ ਗੈਂਗ ਨੇ ਸ਼ਹਿਰ ਦੇ ਦੋ ਇਲਾਕਿਆਂ ਨੂੰ ਆਪਣਾ ਅੱਡਾ ਬਣਾਇਆ ਹੋਇਆ ਸੀ, ਜਿੱਥੇ ਇਹ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਅਤੇ ਬਹੁਤ ਹੀ ਸਫ਼ਾਈ ਨਾਲ ਚੋਰੀ ਕਰ ਫਰਾਰ ਹੋ ਜਾਂਦੇ ਸਨ।
ਹੋਰ ਖੁਲਾਸੇ ਹੋਣ ਦੀ ਉਮੀਦ: ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ। ਉਨ੍ਹਾਂ ਆਖਿਆ ਕਿ ਅਸੀਂ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਇਹਨਾਂ ਦਾ ਨੈੱਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ ਤੇ ਇਨ੍ਹਾਂ ਦਾ ਸਰਗਨਾ ਕੌਣ ਹੈ ? ਅਤੇ ਇੰਨ੍ਹਾਂ 'ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਜਾਂ ਨਹੀਂ ?
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਏਜੀਡੀਪੀ ਜੇਲ੍ਹ ਨੂੰ ਹਟਾਇਆ, ਅਰੁਣ ਪਾਲ ਨੂੰ ਮਿਲਿਆ ਚਾਰਜ