ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਅਮਨ ਐਵੀਨਿਉ ਵਿੱਚ ਰਹਿਣ ਵਾਲੇ ਇੱਕ ਆਪਣੇ ਆਪ ਨੂੰ ਸਮਾਜ ਸੇਵਕ ਕਹਿਣ ਵਾਲੇ ਸੁਭਾਸ਼ ਸਹਿਗਲ ਦੇ ਘਰ ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਰੇਡ ਕੀਤੀ ਗਈ। ਪੁਲਿਸ ਅਧਿਕਾਰੀ ਸੁਭਾਸ਼ ਸਹਿਗਲ ਨੂੰ ਉਸ ਦੇ ਘਰੋਂ ਆਪਣੇ ਨਾਲ ਲੈ ਗਈ। ਜਦੋਂ ਪੁਲਿਸ ਅਧਿਕਾਰੀ ਸੁਭਾਸ਼ ਸਹਿਗਲ ਨੂੰ ਲੈ ਕੇ ਚਲੇ ਸੀ, ਤਾਂ ਇਲਾਕਾ ਨਿਵਾਸੀ ਵੀ ਇੱਕਠੇ ਹੋ ਗਏ। ਜਾਗਦਾ ਜਮੀਰ ਨਾਮ ਦੀ ਸਮਾਜ ਸੇਵਾ ਸੰਸਥਾ ਚਲਾਉਣ ਵਾਲੇ ਮੁਲਜ਼ਮ ਸੁਭਾਸ਼ ਸਹਿਗਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਮੇਰੇ ਕੋਲ ਆਏ ਹਨ ਅਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਖ਼ਿਲਾਫ ਸ਼ਿਕਾਇਤ ਆਈ ਹੈ ਕਿ ਤੁਸੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ ਹੈ।
ਵੀਡੀਓ ਵਿੱਚ ਕੀ ਕਿਹਾ : ਸੁਭਾਸ਼ ਸਹਿਗਲ ਨੇ ਕਿਹਾ ਕਿ ਉਸ ਵੱਲੋਂ ਕਿਸੇ ਨਿੱਜੀ ਚੈਨਲ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਗੈਂਗਸਟਰ ਵੀ ਸਾਡੇ ਭਰਾ ਹਨ, ਗੈਂਗਸਟਰ ਜੋ ਬਣਦੇ ਹਨ, ਉਹ ਮਾੜੇ ਹਲਾਤਾਂ ਦੇ ਕਾਰਨ ਬਣਦੇ ਹਨ ਅਤੇ ਕੁੱਝ ਪੁਲਿਸ ਅਧਿਕਾਰੀ ਤੇ ਕੁੱਝ ਰਾਜਨੀਤਕ ਲੋਕ ਇਨ੍ਹਾਂ ਨੂੰ ਮਜਬੂਰ ਕਰਦੇ ਹਨ ਜਿਸ ਦੇ ਚੱਲਦੇ ਇਹ ਗੈਂਗਸਟਰ ਬਣਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਕਿ ਬੰਦੀ ਸਿੰਘ ਵੀ ਸਾਡੇ ਭਰਾ ਹਨ ਇਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਸਹਿਗਲ ਨੇ ਕਿਹਾ ਕਿ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ, ਸਰਕਾਰ ਉਨ੍ਹਾਂ ਨੂੰ ਰਿਹਾਅ ਕਰੇ। ਇਨ੍ਹਾਂ ਗੱਲਾਂ ਦੇ ਚੱਲਦੇ ਮੈਨੂੰ ਥਾਣੇ ਲੈ ਕੇ ਚੱਲੇ ਹਨ।
ਇੱਥੇ ਜਿਕਰਯੋਗ ਹੈ ਕਿ ਜਾਗਦੇ ਜਮੀਰ ਸੰਸਥਾ ਦੇ ਮੁਖੀ ਸੁਭਾਸ਼ ਸਹਿਗਲ ਵੱਲੋਂ ਕੁਝ ਦਿਨ ਪਹਿਲਾਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ ਜਿਸ ਵਿੱਚ ਉਸ ਵੱਲੋਂ ਸੈਂਟਰਲ ਹਲਕੇ ਦੇ ਵਿਧਾਇਕ ਦੇ ਖਿਲਾਫ਼ ਅਵਾਜ਼ ਚੁੱਕੀ ਗਈ ਹੈ। ਇਸ ਨੂੰ ਲੈ ਕੇ ਇਸ ਵੱਲੋਂ ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦਾ ਧੰਨਵਾਦ ਵੀ ਕੀਤਾ ਗਿਆ ਸੀ ਅਤੇ ਅੱਜ ਇਸ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਅਰਾਜਕਤਾ ਫੈਲਾਉਣ ਨੂੰ ਲੈ ਕੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਲਗਾਤਾਰ ਹੀ ਕਈ ਚੈਨਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕਿ ਹੁਣ ਆਮ ਲੋਕ ਵੀ ਜੇਕਰ ਅਵਾਜ਼ ਚੁੱਕਣਗੇ, ਤਾਂ ਉਨ੍ਹਾਂ ਨੂੰ ਵੀ ਖਮਿਆਜਾ ਭੁਗਤਨਾ ਪੈ ਸਕਦਾ ਹੈ।