ਅੰਮ੍ਰਿਤਸਰ: ਕੋਰੋਨਾਵਾਇਰਸ ਵਰਗੀ ਨਾਮੁਰਾਦ ਬਿਮਾਰੀ ਦੇ ਵਧਦੇ ਪ੍ਰਭਾਵ ਲਈ ਜਿੱਥੇ ਸਰਕਾਰਾਂ ਵਲੋਂ ਆਮ ਲੋਕਾਂ ਦੇ ਬਚਾਅ ਲਈ ਸਿਰਫ਼ ਵਡੇ-ਵਡੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਅਜੇ ਤਕ ਸਰਕਾਰ ਦੇ ਸਿਹਤ ਵਿਭਾਗ ਵਲੋਂ ਕਿਸੇ ਨੂੰ ਵੀ ਨਾ ਤੇ ਆਪਣੇ ਕੋਲੋਂ ਮਾਸਕ ਦਿੱਤੇ ਅਤੇ ਨਾ ਹੀ ਸੈਨੇਟਾਈਜ਼ਰ ਮੁਹੱਈਆ ਕਰਵਾਏ ਹਨ। ਉੱਥੇ ਹੀ ਛੇਹਰਟਾ ਦੇ ਇਕ ਪਰਿਵਾਰ ਨੇ ਖ਼ੁਦ ਘਰ ਬਣਾ ਕੇ 2000 ਤੋਂ ਵੱਧ ਮਾਸਕ ਵੰਡੇ।
ਛੇਹਰਟਾ ਦੇ ਰਹਿਣ ਵਾਲਾ ਇਹ ਪਰਿਵਾਰ ਲੋਕ ਭਲਾਈ ਦਾ ਜਜ਼ਬਾ ਪੇਸ਼ ਕਰਦਿਆ 2000 ਤੋਂ ਵੱਧ ਮਾਸਕ ਬਣਾ ਕੇ ਸਾਮਜਿਕ ਸੰਸਥਾਵਾਂ ਨੂੰ ਵੰਡ ਰਹੀ ਹੈ। ਇਸ ਪਰਿਵਾਰ ਦੇ ਮੁਖੀ ਗੌਰਵ ਘਈ ਤੇ ਪ੍ਰਿਅੰਕਾ ਘਈ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਦੋਂ ਉਹ ਬਜ਼ਾਰ ਵਿੱਚ ਜਾ ਕੇ ਮਾਸਕ ਖਰੀਦਣ ਲੱਗੇ ਤਾਂ 10 ਰੁਪਏ ਦਾ ਮਾਸਕ 100 ਰੁਪਏ ਵਿੱਚ ਮਿਲ ਰਿਹਾ ਹੈ, ਜੋ ਕਿ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੈ।
ਉਸ ਵੇਲੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਉਹ ਖ਼ੁਦ ਮਾਸਕ ਬਣਾ ਕੇ ਫੈਲੀ ਹੋਈ ਮਹਾਮਾਰੀ ਤੋ ਆਮ ਜਨਤਾ ਨੂੰ ਸੁਰੱਖਿਅਤ ਰਖਣ ਦੀ ਮੁਹਿੰਮ ਵਿਚ ਸਹਿਯੋਗ ਕਰਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬੂਟੀਕ ਚਲਾਉਣ ਵਾਲੀ ਭੈਣ ਨਾਲ ਮਿਲ ਕੇ ਖੱਦਰ ਦੇ ਕਪੜੇ ਦੇ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੂੰ ਮਾਸਕ ਵੰਡਣ ਦਾ ਕੰਮ ਸ਼ੁਰੂ ਕੀਤਾ।
ਇਸ ਸੰਬੰਧੀ ਗੌਰਵ ਘਈ ਨੇ ਦਸਿਆ ਕਿ ਉਨ੍ਹਾਂ ਨੇ ਅਜੇ ਤਾਂ ਮਾਸਕ ਬਣਾ ਕੇ ਵੰਡੇ ਹਨ ਤੇ ਛੇਤੀ ਹੀ ਕੁਝ ਸਹਿਯੋਗੀਆਂ ਨਾਲ ਮਿਲ ਕੇ ਸੈਨੇਟਾਈਜ਼ਰ ਦੀ ਵੰਡਣਗੇ।