ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਦੀਪਕ ਰਾਠੀ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਵੱਡੀ ਸਫ਼ਲਤਾ ਹਾਲਿਤ ਕੀਤੀ ਹੈ। ਸ਼ੂਟਰ ਦੀਪਕ ਰਾਠੀ ਉਰਫ ਢਿੱਲੋ ਉਰਫ ਪਰਵੇਸ਼ ਹਰਿਆਣਵੀ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ। ਇਹ ਸ਼ੂਟਰ ਪੰਜਾਬ 'ਚ ਤਾਂ ਸਰਗਰਮ ਹੀ ਸੀ, ਉਥੇ ਹੀ ਦਿੱਲੀ-ਹਰਿਆਣਾ 'ਚ ਵੀ ਉਸ 'ਤੇ ਕਈ ਮਾਮਲੇ ਦਰਜ ਹਨ। ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸ ਨੂੰ ਪੰਜਾਬ ਲਿਆਂਦਾ ਹੈ, ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਮੁਲਜ਼ਮ ਨੂੰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫ਼ਤਾਰ: ਦੱਸ ਦਈਏ ਕਿ ਸੀਆਈਏ ਇੰਚਾਰਜ ਅਮਨਦੀਪ ਸਿੰਘ ਤੋਂ ਸੂਚਨਾ ਮਿਲਣ ਤੋਂ ਬਾਅਦ ਟੀਮ ਮਹਾਰਾਸ਼ਟਰ ਲਈ ਰਵਾਨਾ ਹੋ ਗਈ। ਮਹਾਰਾਸ਼ਟਰ ਪੁਲਿਸ ਨੂੰ ਵੀ ਨਾਲ ਲਿਆ ਗਿਆ ਅਤੇ ਦੋਸ਼ੀ ਨੂੰ ਰੰਕਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਅੰਮ੍ਰਿਤਸਰ ਵਿੱਚ ਦਰਜ ਕੇਸ ਤੋਂ ਇਲਾਵਾ ਦਿੱਲੀ-ਹਰਿਆਣਾ ਵਿੱਚ 4 ਕੇਸ ਦਰਜ ਹਨ। ਜਾਣਕਾਰੀ ਮੁਤਾਬਿਕ ਮੁਲਜ਼ਮ ਹਰਿਆਣਾ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਾ ਹੈ ਕੇ ਇੱਥੇ ਉਸ ਦੀ ਜੱਗੂ ਭਗਵਾਨਪੁਰੀਆ ਨਾਲ ਮੁਲਾਕਾਤ ਹੋਈ ਸੀ।
ਦੀਪਕ ਰਾਠੀ ਨੇ ਅੰਮ੍ਰਿਤਸਰ ਬਾਈਪਾਸ 'ਤੇ ਕੀਤੀ ਸੀ ਫਾਇਰਿੰਗ: ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਵੇਰਕਾ ਬਾਈਪਾਸ (Amritsar Bypass Firing Case) ’ਤੇ ਹੋਟਲ ਵੁੱਡਜ਼ ਦੇ ਬਾਹਰ ਸੋਨੂੰ ਮੋਟਾ ’ਤੇ ਗੋਲੀਆਂ ਚਲਾਈਆਂ, ਜਿਸ ਦੀ ਜਾਂਚ ਵਿੱਚ ਜੱਗੂ ਗੈਂਗ ਦਾ ਨਾਮ ਸਾਹਮਣੇ ਆਇਆ ਸੀ। ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਦੀਪਕ ਰਾਠੀ ਸਮੇਤ ਮੁਲਜ਼ਮਾਂ ਖ਼ਿਲਾਫ਼ 22 ਮਈ ਨੂੰ ਧਾਰਾ 307/34 ਆਈਪੀਸੀ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ 'ਚ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਚੋਂ ਦੀਪਕ ਰਾਠੀ ਦਾ ਨਾਂ ਵੀ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਇਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਘਟਨਾ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਬਾਈਪਾਸ ਤੋਂ ਲੁੱਟੀ ਗਈ ਸੀ।
ਮੁਲਜ਼ਮ ਉੱਤੇ ਹਰਿਆਣਾ ਅਤੇ ਦਿੱਲੀ ਵਿੱਚ ਇਹ ਚਾਰ ਮਾਮਲੇ ਦਰਜ: ਮੁਕੱਦਮਾ ਨੰਬਰ 40/2018 ਜੁਰਮ 353/186/307 ਆਈ.ਪੀ.ਸੀ ਥਾਣਾ ਅਸੌਧਾ, ਝੱਜਰ, ਹਰਿਆਣਾ। ਮੁਕੱਦਮਾ ਨੰਬਰ 639/2015 ਜੁਰਮ 307 ਆਈ.ਪੀ.ਸੀ. ਥਾਣਾ ਅਸੌਧਾ, ਝੱਜਰ, ਹਰਿਆਣਾ। ਮੁਕੱਦਮਾ ਨੰਬਰ 10 ਮਿਤੀ 9-01-2018 ਜੁਰਮ 307/34 IPC 25/54/59 ਅਸਲਾ ਐਕਟ ਥਾਣਾ ਨਜਫਗੜ੍ਹ, ਦਿੱਲੀ। ਮੁਕੱਦਮਾ ਨੰਬਰ 405/2017 ਜੁਰਮ 392/34 ਆਈ.ਪੀ.ਸੀ ਥਾਣਾ ਕਾਂਜਾਵਾਲਾ ਦਿੱਲੀ।