ਅੰਮ੍ਰਿਤਸਰ: ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਮੁਲਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਪੂਰੇ ਕਰਨ ਦੀ ਮੰਗ ਲੈ 3 ਦਿਨਾਂ ਹੜਤਾਲ ਕੀਤੀ ਜਾ ਰਹੀ ਹੈ। ਹੜਤਾਲ ਕਾਰਨ ਬੈਂਕਾਂ ਦੇ ਕੰਮਕਾਜ 'ਤੇ ਕਾਫੀ ਅਸਰ ਪੈ ਰਿਹਾ ਹੈ। ਪੰਜਾਬ 'ਚ ਵੀ ਅੱਜ ਲਗਭਗ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਹੜਤਾਲ 'ਤੇ ਰਹੇ।
ਇਸੇ ਤਹਿਤ ਅੰਮ੍ਰਿਤਸਰ 'ਚ ਵੀ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਤਨਖ਼ਾਹਾਂ ਵਿੱਚ ਘੱਟੋ–ਘੱਟ 20 ਫ਼ੀ ਸਦੀ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਕੰਮ–ਕਾਜ ਦੇ ਦਿਨ ਹਰ ਹਫ਼ਤੇ ਹੀ ਪੰਜ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਬੇਸਿਕ ਤਨਖ਼ਾਹ ਵਿੱਚ ਵਿਸ਼ੇਸ਼ ਭੱਤਿਆਂ ਦਾ ਰਲ਼ੇਵਾਂ ਵੀ ਚਾਹ ਰਹੇ ਹਨ। ਬੈਂਕ ਮੁਲਾਜ਼ਮ ਐੱਨਪੀਐੱਸ ਖ਼ਤਮ ਕਰਨ, ਪੈਨਸ਼ਨ ਅਪਡੇਸ਼ਨ, ਪਰਿਵਾਰ ਨੂੰ ਮਿਲਣ ਵਾਲੀ ਪੈਨਸ਼ਨ ’ਚ ਸੁਧਾਰ ਦੀ ਮੰਗ ਵੀ ਕਰ ਰਹੇ ਹਨ।
ਇਸ ਦੇ ਨਾਲ ਹੀ ਸਟਾਫ਼ ਵੈਲਫ਼ੇਅਰ ਫ਼ੰਡ ਨੂੰ ਬੈਂਕ ਦੇ ਮੁਨਾਫ਼ੇ ਦੇ ਆਧਾਰ ’ਤੇ ਵੰਡਣ, ਰਿਟਾਇਰ ਹੋਣ ਸਮੇਂ ਮਿਲਣ ਵਾਲੇ ਲਾਭ ਆਮਦਨ–ਟੈਕਸ ਦੇ ਘੇਰੇ ’ਚੋਂ ਬਾਹਰ ਰੱਖਣ, ਸ਼ਾਖ਼ਾਵਾਂ ’ਚ ਕੰਮ–ਕਾਜ ਦੇ ਘੰਟੇ ਅਤੇ ਦੁਪਹਿਰ ਦੇ ਭੋਜਨ ਲਈ ਸਮੇਂ ਦੀ ਸਹੀ ਤਰੀਕੇ ਵੰਡ ਕਰਨ, ਅਧਿਕਾਰੀਆਂ ਲਈ ਬੈਂਕ ਵਿੱਚ ਕੰਮ–ਕਾਜ ਦੇ ਘੰਟਿਆਂ ਨੂੰ ਸਹੀ ਤਰੀਕੇ ਨਿਯਮਤ ਕਰਨ ਅਤੇ ਕੰਟਰੈਕਟ ਤੇ ਕਾਰੋਬਾਰੀ ਚਿੱਠੀ–ਪੱਤਰੀ ਲਈ ਬਰਾਬਰ ਤਨਖ਼ਾਹ ਦੇਣ ਜਿਹੀਆਂ ਮੰਗਾਂ ਕਰ ਰਹੇ ਹਨ।