ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅੰਮ੍ਰਿਤਪਾਲ 'ਤੇ ਐੱਨ.ਐੱਸ.ਏ. ਧਾਰਾ ਵੀ ਲਗਾਈ ਗਈ ਹੈ।ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸੇ ਦੇ ਚੱਲਦੇ ਵੱਖ-ਵੱਖ ਆਗੂਆਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਹਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਹਨ ਅਤੇ ਲੋਕਾਂ ਦੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ। ਵਲਟੋਹਾ ਨੇ ਕਿਹਾ ਕਿ ਜਿਸ ਤਰੀਕੇ ਨਾਲ 1984 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਸੀ, ਉਸੇ ਤਰੀਕੇ ਨਾਲ ਭਗਵੰਤ ਸਿੰਘ ਮਾਨ ਵੱਲੋਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਐੱਨ.ਐੱਸ.ਏ. ਧਾਰ ਬਹੁਤ ਘਾਤਕ: ਵਿਰਸਾ ਸਿੰਘ ਵਲਟੋਹਾ ਨੇ ਐੱਨ.ਐੱਸ.ਏ. ਬਾਰੇ ਗੱਲ ਕਰਦੇ ਕਿਹਾ ਕਿ ਐੱਨ.ਐੱਸ.ਏ. ਧਾਰਾ ਬਹੁਤ ਘਾਤਕ ਧਾਰਾ ਹੈ। ਉਹਨਾਂ ਨੇ ਵੀ ਆਪਣੀ ਉਮਰ ਵੇਲੇ ਦੋ ਵਾਰ ਐੱਨ.ਐੱਸ.ਏ. ਧਾਰਾ ਤਹਿਤ ਜੇਲ੍ਹ ਕੱਟੀ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਫੇਲੀਆਰ ਛਪਾਉਣ ਲਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਡਰਾਮਾ ਰਚਿਆ ਹੈ। ਅਕਾਲੀ ਆਗੂ ਨੇ ਆਖਿਆ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਤੋਂ ਬਾਅਦ ਸਰਕਾਰ 'ਤੇ ਉੱਠ ਰਹੇ ਸਵਾਲਾਂ ਨੂੰ ਦਬਾਉਣ ਲਈ ਡਰਾਮਾ ਰਚਿਆ ਗਿਆ ।
ਪੁਲਿਸ ਦੀ ਮਨਘੜਤ ਕਹਾਣੀ: ਪ੍ਰੈਸ ਕਾਨਫਰੰਸ 'ਚ ਬੋਲਦੇ ਹੋਏ ਉਨ੍ਹਾਂ ਪੰਜਾਬ ਪੁਲਿਸ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਦੀ ਗ੍ਰਿਫਤਾਰੀ ਹੋਈ ਹੈ ਉਹ ਵੀ ਪੁਲਿਸ ਦਾ ਡਰਾਮਾ ਹੈ ਅਤੇ ਪੁਲਿਸ ਵੱਲੋਂ ਉਸ ਦੇ ਚਾਚੇ ਨੂੰ ਵੀ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਕੋਠੀ ਵਿਚ ਅੰਮ੍ਰਿਤਪਾਲ ਦੇ ਚਾਚੇ ਦੇ ਰੁਕਣ ਦੀ ਖਬਰ ਸਾਹਮਣੇ ਆਈ ਸੀ ਉਹ ਵੀ ਪੁਲਸ ਦੀ ਮਨਘੜਤ ਕਹਾਣੀ ਹੈ। ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ 100% ਪੁਲਿਸ ਦੀ ਹਿਰਾਸਤ ਵਿਚ ਹੈ। ਹੁਣ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕੋਈ ਡਰਾਮਾਂ ਹੀ ਰਚਨਾ ਹੈ।
1984 ਵਾਲਾ ਸਮਾਂ: ਇਸੇ ਦੌਰਾਨ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਕਵਰੇਜ ਕਰਨ ਵਾਲ਼ੇ ਪੱਤਰਕਾਰਾਂ ਦੇ ਉੱਪਰ 751 ਦੇ ਦਰਜ ਹੋ ਰਹੇ ਮਾਮਲੇ 'ਤੇ ਵਿਰਸਾ ਸਿੰਘ ਵਲਟੋਹਾ ਵੀ ਖਿੜ ਖਿੜਾ ਕੇ ਹੱਸਦੇ ਨਜ਼ਰ ਆਏ ਪਰ ਉਨ੍ਹਾਂ ਇੱਕ ਗੱਲ ਸਾਫ਼ ਆਖੀ ਹੈ ਕਿ ਜੋ ਅੰਮ੍ਰਿਤਪਾਲ ਸਿੰਘ ਦੀ ਪਤਨੀ ਤੋਂ ਐੱਨ.ਆਈ.ਏ. ਦੀਆਂ ਟੀਮਾਂ ਪੁੱਛਗਿੱਛ ਲਈ ਆ ਰਹੀਆਂ ਹਨ ਉਹ ਵੀ ਬਹੁਤ ਮੰਦਭਾਗਾ ਹੈ। 1984 ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ ਕਿ ਘਰਾਂ ਵਿੱਚ ਲੜਕੀਆਂ, ਬੀਬੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਹੁਣ ਫੇਰ ਅਜਿਹੇ ਹਾਲਾਤ ਦੁਬਾਰਾ ਬਣ ਰਹੇ ਹਨ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਮੈਂ ਅਜਿਹੇ ਹਾਲਾਤਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ: Raja Waring Letter to DGP: ਰਾਜਾ ਵੜਿੰਗ ਨੇ ਡੀਜੀਪੀ ਪੰਜਾਬ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ