ਅੰਮ੍ਰਿਤਸਰ: ਅਜਨਾਲਾ ਘਟਨਾ ਤੋਂ ਬਾਅਦ ਸਾਰੇ ਵਿਰੋਧੀ ਅੰਮ੍ਰਿਤਪਾਲ ਦੇ ਦੁਆਲੇ ਹੋ ਗਏ ਹਨ। ਅੰਮ੍ਰਿਤਪਾਲ 'ਤੇ ਇੱਕ ਤੋਂ ਬਾਅਦ ਸ਼ਬਦੀ ਨਿਸ਼ਾਨੇ ਸਾਧੇ ਜਾ ਰਹੇ ਹਨ। ਜਿਨ੍ਹਾਂ ਦੇ ਅੰਮ੍ਰਿਤਪਾਲ ਵੱਲੋਂ ਵੀ ਲਗਾਤਾਰ ਜਵਾਬ ਦਿੱਤੇ ਜਾ ਰਹੇ ਹਨ। ਇਸੇ ਤਹਿਤ ਹੁਣ ਫਿਰ ਤੋਂ ਅੰਮ੍ਰਿਤਪਾਲ ਨੇ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਬਾਗੀ ਤੇਵਰ ਇਸੇ ਤਰ੍ਹਾਂ ਹੀ ਰਹਿਣਗੇ। ਉਨ੍ਹਾਂ ਆਖਿਆ ਕਿ ਨੌਜਵਾਨ ਹੋਰ ਜ਼ੁਲਮ ਹੁਣ ਬਰਦਾਸ਼ ਨਹੀਂ ਕਰਨਗੇ। ਸਰਕਾਰਾਂ ਨੇ ਕਦੇ ਵੀ ਸਿੱਖਾਂ ਨੂੰ ਬਣਦੇ ਹੱਕ ਨਹੀਂ ਦਿੱਤੇ।
ਭਾਜਪਾ ਆਗੂ ਨੂੰ ਜਵਾਬ: ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਆਈ.ਐੱਸ.ਆਈ. ਦੇ ਮੁੱਦੇ ਦਾ ਵੀ ਜਾਵਬ ਦਿੱਤਾ ਤੇ ਕਿਹਾ ਜਦੋਂ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਪਾਕਿਸਤਾਨ ਨਾਲ ਜੋੜ ਕੇ ਬਦਨਾਮ ਕੀਤਾ ਹੈ। ਐੱਮ.ਪੀ. ਰਵਨੀਤ ਬਿੱਟੂ 'ਤੇ ਵਰਦੇ ਅੰਮ੍ਰਿਤਪਾਲ ਨੇ ਕਿਹਾ ਕਿ ਰਵਨੀਤ ਬਿੱਟੂ ਹਮੇਸ਼ਾ ਸੁਰਖੀਆਂ 'ਚ ਰਹਿਣ ਲਈ ਅਜਿਹੇ ਬਿਆਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੰਘਾਂ 'ਤੇ ਜਿਹੜਾ ਘਰੋਂ ਨਸ਼ੇ ਕਰਵਾ ਕੇ ਲਿਆਉਣ ਵਾਲਾ ਬਿੱਟੂ ਨੇ ਦਿੱਤਾ ਉਹ ਬੇਵਕੂਫ਼ਾਂ ਵਾਲਾ ਬਿਆਨ ਹੈ। ਉਸ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਮੀਡੀਆ ਨੂੰ ਵੀ ਕਿਹਾ ਜੇਕਰ ਤੁਸੀਂ ਅਜਿਹੇ ਬੰਦਿਆਂ ਨੂੰ ਦਿਖਾਉੇਣਾ ਬੰਦ ਕਰ ਦੇਵੋਗੇ ਤਾਂ ਉਹ ਆਪ ਹੀ ਬੋਲਣਾ ਬੰਦ ਕਰ ਦੇਣਗੇ।
ਕੌਣ ਕਰ ਰਿਹਾ ਪੰਜਾਬ ਦਾ ਮਾਹੌਲ਼ ਖ਼ਰਾਬ: ਮੀਡੀਆ ਨੂੰ ਸੰਬੋਧਨ ਕਰਦੇ ਅੰਮ੍ਰਿਤਪਾਲ ਨੇ ਆਖਿਆ ਕਿ ਸਿੱਖਾਂ ਨੇ ਕਦੇ ਵੀ ਪੰਜਾਬ ਦਾ ਮਾਹੌਲ਼ ਖ਼ਰਾਬ ਨਹੀਂ ਕੀਤਾ, ਪੰਜਾਬ ਦਾ ਮਾਹੌਂਲ ਉਹ ਲੋਕ ਖ਼ਰਾਬ ਕਰ ਰਹੇ ਹਨ ਜੋ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੇ, ਜੋ ਨਵੇਂ ਸਿੱਖ ਨੌਜਵਾਨਾਂ 'ਤੇ ਝੂਠੇ ਪਰਚੇ ਪਾ ਰਹੇ ਹਨ। ਉਨ੍ਹਾਂ ਸਾਫ਼ ਆਖਿਆ ਕਿ ਪੰਜਾਬ ਦਾ ਮਾਹੌਂਲ ਸਰਕਾਰਾਂ ਖ਼ਰਾਬ ਕਰਦੀਆਂ ਹਨ। ਜੇਕਰ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣ ਅਤੇ ਉਨ੍ਹਾਂ ਨਾਲ ਧੱਕਾ ਨਾ ਹੋਵੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਹੀ ਨਹੀਂ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਪੰਜਾਬ ਦਾ ਮਾਹੌਲ਼ ਨਸ਼ਾ ਵੇਚ ਵਾਲੇ ਖ਼ਰਾਬ ਕਰ ਰਹੇ ਹਨ। ਪੁਲਿਸ ਪ੍ਰਸਾਸ਼ਨ ਦਾ ਕੰਮ ਨਸ਼ੇ 'ਤੇ ਪਾਬੰਦੀ ਲਗਾਉਣਾ ਹੈ, ਜੋ ਅਸੀਂ ਕਰ ਰਹੇ ਹਾਂ। ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ। ਅਸੀਂ ਨੌਜਵਾਨੀ ਨੂੰ ਨਸ਼ਿਆਂ ਦੇ ਕਾਲੇ ਦੌਰ 'ਚੋਂ ਕੱਢ ਕੇ ਗੁਰੂ ਦੇ ਲੜ ਲਾ ਰਹੇ ਹਾਂ।
ਅੰਮ੍ਰਿਤਪਾਲ ਨੇ ਆਖਿਆ ਕਿ ਸਾਡੇ ਵੱਲੋਂ ਪੰਜਾਬ ਦੇ ਪਿੰਡਾਂ 'ਚ ਕਮੇਟੀਆਂ ਬਣਾਈਆ ਜਾ ਰਹੀ ਹਨ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਹੀ ਨਹੀਂ ਬਲਕਿ ਹੱਲ ਵੀ ਕੀਤਾ ਜਾਵੇਗਾ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਸਰਕਾਰਾਂ ਪੰਜਾਬ ਦੇ ਅਸਲ ਹਾਲਤਾਂ ਦੀ ਤਸਵੀਰ ਨੂੰ ਦਿਖਾਇਆ ਜਾਵੇ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਨਾਲ ਬਰਬਾਦ ਹੋ ਰਹੇ ਹਨ। ਉਨ੍ਹਾਂ ਮੀਡੀਆ ਨੂੰ ਆਪਣਾ ਅਸਲ ਫ਼ਰਜ ਨਿਭਾਉਣ ਦੀ ਗੱਲ ਆਖਦੇ ਕਿਹਾ ਕਿ ਪੰਜਾਬ ਦੇ ਨੌਜਵਾਨ ਕਿਵੇਂ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣ ਰਹੇ ਹਨ ਇਹ ਮੀਡੀਆ ਨੇ ਪੂਰੇ ਸੰਸਾਰ ਵਿੱਚ ਦਿਖਾਉਣਾ ਹੈ।