ਅੰਮ੍ਰਿਤਸਰ : ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਕ ਹੋਰ ਤਾਜ਼ਾ ਮਾਮਲਾ ਬੀਤੀ ਰਾਤ ਹੈਰੀਟੇਜ ਸਟਰੀਟ ਦਾ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੇ ਕਮਾਂਡੋ ਦੁਕਾਨਦਾਰਾਂ ਨਾਲ ਝੜਪ ਕਰਦੇ ਨਜ਼ਰ ਆਏ। ਦੁਕਾਨਦਾਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹੈਰੀਟੇਜ ਸਟਰੀਟ 'ਤੇ ਰੇਹੜੀ ਲਗਾ ਰਹੀ ਦਿਪਤੀ ਨਾਮ ਦੀ ਮਹਿਲਾ ਨਾਲ ਹੈਰੀਟੇਜ ਸਟਰੀਟ ਦੇ ਸਕਿਓਰਿਟੀ ਗਾਰਡ ਵੱਲੋਂ ਬਦਤਮੀਜ਼ੀ (Crime in Heritage Street Amritsar) ਕੀਤੀ ਗਈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਮਹਿਲਾ ਨਾਲ ਬਦਤਮੀਜੀ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ, ਤਾਂ ਸਕਿਉਰਿਟੀ ਗਾਰਡ ਨੇ ਆਪਣੇ ਸਾਥੀਆਂ ਅਤੇ ਪੰਜਾਬ ਪੁਲਿਸ ਦੇ ਕਮਾਂਡੋ ਮੁਲਾਜ਼ਮਾਂ ਨੇ ਦੁਕਾਨਦਾਰਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਦਸਤਾਰ ਲਾਈ। ਇਸ ਪੂਰੀ ਝੜਪ ਤੋਂ ਬਾਅਦ ਹੈਰੀਟੇਜ ਸਟਰੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਇਸ ਮੌਕੇ ਦੁਕਾਨਦਾਰ ਦੀਪਕ ਅਰੋੜਾ, ਭੋਲੂ ਪ੍ਰਧਾਨ, ਜਗਮੀਤ ਸਿੰਘ, ਅਮਨ ਮਹਾਜਨ, ਪਰਮਿੰਦਰ ਸਿੰਘ, ਵਿਸ਼ਾਲ, ਕ੍ਰਾਂਤੀ, ਜੀਤੂ ਸਿੰਘ, ਜੀਵਨਜੋਤ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕਰਦੇ ਹੋਏ ਕਿਹਾ ਕਿ ਮੁਲਜ਼ਮ ਮੁਲਾਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਦਹਿਸ਼ਤ ਦੇ ਮਾਹੌਲ ਤੋਂ ਕੱਢਿਆ ਜਾ ਸਕੇ।
ਮਾਰਕੀਟ ਦੇ ਪ੍ਰਧਾਨ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਆਏ ਦਿਨ ਸਕਿਉਰਿਟੀ ਗਾਰਡ ਤੇ ਪੁਲਿਸ ਕਮਾਂਡੋਜ਼ ਵੱਲੋਂ ਝਗੜੇ ਹੁੰਦੇ ਹਨ। ਇਹ ਸਾਡੀ ਸੁਰੱਖਿਆ ਲਈ ਤੈਨਾਤ ਨਹੀਂ ਹਨ, ਬਲਕਿ ਉਲਟਾ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕਿਉਰਿਟੀ ਵੱਲੋਂ ਮਹਿਲਾ ਨਾਲ ਬਦਤਮੀਜ਼ੀ ਕਰਨ ਉੱਤੇ ਰਕਿਆ ਗਿਆ ਤਾਂ ਉਲਟਾ ਸਾਡੇ ਨਾਲ ਕੁੱਟਮਾਰ ਕੀਤੀ ਗਈ ਅਤੇ ਗਾਲਾਂ ਕੱਢੀਆਂ। ਇਸ ਦੇ ਨਾਲ ਹੀ, ਪੁਲਿਸ ਕਮਾਂਡੋਜ਼ ਵੱਲੋਂ ਝੂਠਾ ਪਰਚਾ ਦਰਜ ਕਰਨ ਦੇ ਦੋਸ਼ ਵੀ ਲਾਏ। ਦੁਕਾਨਦਾਰਾਂ ਨੇ ਮੰਗ ਕਰਦਿਆ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਵੀ ਹਨ, ਇਸ ਲਈ ਦੋਸ਼ੀ ਮੁਲਾਜ਼ਮਾਂ ਉੱਤੇ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਵਿਰੋਧੀਆਂ ਨੇ ਸਰਕਾਰ 'ਤੇ ਲਗਾਏ ਇਲਜ਼ਾਮ