ਅੰਮ੍ਰਿਤਸਰ : ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ (Flight Started From Amritsar) ਸ਼ੁਰੂ ਹੋ ਰਹੀਆਂ ਹਨ। ਅੱਜ ਵੀ ਅੰਮ੍ਰਿਤਸਰ ਏਅਰਪੋਰਟ ਤੋਂ ਮਲੇਸ਼ੀਆ ਲਈ ਏਅਰ ਏਸ਼ੀਆ ਫਲਾਇਟ ਸ਼ੁਰੂ ਹੋਈ, ਜਿਸਦੀ ਸ਼ੁਰੂਆਤ ਦੇ ਲਈ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (Member of Parliament Gurjit Singh Aujla) ਖੁਦ ਏਅਰਪੋਰਟ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਏਅਰ ਏਸ਼ੀਆ ਫਲਾਈਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਏਅਰ ਏਸ਼ੀਆ ਫਲਾਈਟ ਅੱਜ ਤੋਂ ਸ਼ੁਰੂ ਹੋਈ ਹੈ ਇਹ ਫਲਾਈਟ ਮਲੇਸ਼ੀਆ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਵੀ ਸੰਪਰਕ ਜੋੜੇਗੀ। ਉਹਨਾਂ ਨੇ ਕਿਹਾ ਕਿ ਇਹ ਫਲਾਇਟ ਪਹਿਲਾਂ ਵੀ ਚਲਦੀ ਸੀ ਪਰ ਕਰੋਨਾਂ ਦੌਰਾਨ ਇਹ ਫਲਾਈਟ ਬੰਦ ਹੋ ਗਈ ਸੀ। ਹੁਣ ਸਾਢੇ ਤਿੰਨ ਸਾਲ ਬਾਅਦ ਇਹ ਫਲਾਈਟ ਦੁਬਾਰਾ ਸ਼ੁਰੂ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਲੋਕ ਵਿਦੇਸ਼ ਜਾਂਦੇ ਹਨ, ਜਿਆਦਾ ਤੋਂ ਜਿਆਦਾ ਅੰਮ੍ਰਿਤਸਰ ਏਅਰਪੋਰਟ ਦੇ ਜ਼ਰੀਏ ਜਾਣ ਤਾਂ ਜੋ ਅੰਮ੍ਰਿਤਸਰ ਏਅਰਪੋਰਟ ਹੋਰ ਤਰੱਕੀ ਕਰ ਸਕੇ। ਉਨ੍ਹਾਂ ਨੇ ਐਨ ਆਰ ਆਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਦਿੱਲੀ ਦੀ ਬਜਾਏ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਉੱਤੇ ਉੱਤਰਨ ਦੀ ਕੋਸ਼ਿਸ਼ ਕਰਨ।
ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਲਈ ਵੀ ਕਈ ਉਡਾਨਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਨਵੀਂ ਏਅਰਲਾਈਜ਼ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ (Shri Guru Ramdas Airport) ਤੋਂ ਸ਼ੁਰੂ ਹੋਣ ਜਾ ਰਹੀ ਹੈ। ਅੱਗੇ ਵੀ ਹੋਰ ਉਡਾਨਾਂ ਸ਼ੁਰੂ ਹੋਣ ਦੀ ਉਮੀਦ ਹੈ।