ਬਠਿੰਡਾ/ਲੁਧਿਆਣਾ/ਪਠਾਨਕੋਟ/ਅੰਮ੍ਰਿਤਸਰ :- ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ RPG ਦੇ ਹਮਲੇ (RPG attack on Sarhali police station in Tarn Taran) ਤੋਂ ਬਾਅਦ ਜਾਗੇ ਪੁਲਿਸ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇ ਸਮੇਤ ਸਰਹੱਦੀ ਖੇਤਰਾਂ ਵਿੱਚ ਸਥਿਤ ਥਾਣਿਆਂ ਦੀ ਸੁਰੱਖਿਆ ਦੇ ਪ੍ਰਬੰਧ ਸਖ਼ਤ ਕੀਤੇ ਹਨ। ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ, ਤਰਨਤਾਰਨ, ਪਠਾਨਕੋਟ, ਅੰਮ੍ਰਿਤਸਰ ਵਿੱਚ ਥਾਣਿਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ। ਇਸ ਦੌਰਾਨ ਜੋ ਕੁਝ ਸਾਹਮਣੇ ਆਇਆ, ਆਓ ਜਾਣਦੇ ਆਂ...
ਬਠਿੰਡਾ ਨੈਸ਼ਨਲ ਹਾਈਵੇ ਉੱਤੇ ਬੈਰੀਕੇਟਿੰਗ:- ਥਾਣਾ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਸਥਿਤ ਹੈ। ਇਸ ਕਰਕੇ ਏਥੇ ਬਕਾਇਦਾ ਥਾਣੇ ਦੇ ਬਾਹਰ ਮੋਰਚਾਬੰਦੀ ਕਰਕੇ ਅਸਲੇ ਦੇ ਨਾਲ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਥਾਣਾ ਮੁਖੀ ਪਰਸ ਪਾਰਸ ਸਿੰਘ ਚਾਹਲ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਤੇ ਸਥਿਤ ਹੋਣ ਕਾਰਨ, ਉਨ੍ਹਾਂ ਵੱਲੋਂ ਥਾਣੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨੈਸ਼ਨਲ ਹਾਈਵੇ ਉੱਤੇ ਬੈਰੀਕੇਟਿੰਗ ਕਰਕੇ ਵੀ ਅਸਲੇ ਨਾਲ ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ਵੱਲੋਂ ਆਉਣ ਜਾਣ ਵਾਲਿਆਂ ਉੱਤੇ ਨਜ਼ਰ ਰੱਖੀ ਜਾਂਦੀ ਹੈ।
ਪਟਿਆਲਾ ਫੌਜ ਦੇ ਅਧਿਕਾਰੀਆਂ ਨਾਲ ਬਠਿੰਡਾ ਪੁਲਿਸ ਦੀ ਸਮੇਂ-ਸਮੇਂ ਸਿਰ ਬੈਠਕ:- ਥਾਣਾ ਮੁਖੀ ਪਰਸ ਪਾਰਸ ਸਿੰਘ ਨੇ ਦੱਸਿਆ ਕਿ ਥਾਣੇ ਅਧੀਨ ਸਿਵਲ ਅਤੇ ਆਰਮੀ ਏਰਿਆ ਹੋਣ ਕਾਰਨ ਪਟਿਆਲਾ ਫੌਜ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਸਮੇਂ-ਸਮੇਂ ਸਿਰ ਬੈਠਕ ਹੁੰਦੀ ਰਹਿੰਦੀ ਹੈ। ਉਹ ਆਪਣੀਆਂ QRT ਟੀਮਾਂ ਨਾਲ ਪੁਲਿਸ ਨੂੰ ਸਹਿਯੋਗ ਦਿੰਦੇ ਹਨ ਅਤੇ ਆਰਮੀ ਏਰੀਏ ਵਿਚ ਗਸ਼ਤ ਕੀਤੀ ਜਾਂਦੀ ਹੈ। ਥਾਣਾ ਮੁਖੀ ਨੇ ਲੋੋਕਾਂ ਨੂੰ ਅਪੀਲ ਕੀਤੀ ਹੈ ਕੋਈ ਵੀ ਘਟਨਾ ਵਾਪਰਨ ਉੱਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਅਤੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਪਠਾਨਕੋਟ ਪੁਲਿਸ ਵੱਲੋਂ ਪੰਜਾਬ ਜੰਮੂ ਕਸ਼ਮੀਰ ਜੋੜਨ ਵਾਲੇ ਸਥਾਨਾਂ 'ਤੇ ਪੁਲਿਸ ਦੀ ਤਾਇਨਾਤੀ:- ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਸਹਿਰ ਦੇ ਥਾਣਾ ਡਵੀਜ਼ਨ 1 ਅਤੇ 2 ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਸਰਹੱਦੀ ਖੇਤਰ ਹੋਣ ਕਰਕੇ ਸੁਰੱਖਿਆ ਦੇ ਨਜ਼ਰੀਏ ਤੋਂ ਪਠਾਨਕੋਟ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਪਠਾਨਕੋਟ ਸ਼ਹਿਰ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਪਠਾਨਕੋਟ ਪੁਲਿਸ ਵੱਲੋਂ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲੇ ਦਿਲਚਸਪੀ ਵਾਲੇ ਸਥਾਨਾਂ 'ਤੇ ਪੁਲਿਸ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ ਅਤੇ ਪਹਿਲਾਂ ਨਾਲੋਂ ਵੀ ਵੱਧ ਮੋਰਚੇ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਦਿਲਚਸਪੀ ਵਾਲੇ ਪੁਆਇੰਟਾਂ 'ਤੇ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਘਟਨਾ ਨਾ ਕਰ ਸਕੇ।
ਪਠਾਨਕੋਟ ਦੇ ਸਾਰੇ ਥਾਣਿਆਂ 'ਚ ਪੁਲਿਸ ਵੱਲੋਂ ਮੋਰਚੇ ਬਣਾਏ ਗਏ:- ਪਠਾਨਕੋਟ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਬਾਰੇ ਗੱਲਬਾਤ ਕਰਦਿਆਂ ਪਠਾਨਕੋਟ ਪੁਲਿਸ ਅਧਿਕਾਰੀ ਐਲ.ਐਸ ਰੰਧਾਵਾਂ ਨੇ ਦੱਸਿਆ ਕਿ ਤਰਨਤਾਰਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਜਿਸ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਹੱਦੀ ਥਾਣਿਆਂ 'ਚ ਪੁਲਿਸ ਵੱਲੋਂ ਮੋਰਚੇ ਬਣਾਏ ਗਏ ਹਨ, ਇੰਨਾ ਹੀ ਨਹੀਂ ਪਠਾਨਕੋਟ ਪੁਲਿਸ ਵੱਲੋਂ ਚੌਕਸੀ ਦਿਲਚਸਪੀ ਵਾਲੇ ਪੁਆਇੰਟਾਂ ਉੱਤੇ ਪੁਲਿਸ ਵਧਾਈ ਗਈ ਹੈ ਅਤੇ ਦੂਜੇ ਰਾਜਾਂ ਤੋਂ ਪਠਾਨਕੋਟ ਰਾਹੀਂ ਪੰਜਾਬ 'ਚ ਦਾਖਲ ਹੋਣ ਵਾਲੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨਾਂ ਉੱਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ:-ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੀ ਅੰਮ੍ਰਿਤਸਰ ਦੇ ਥਾਣਿਆਂ ਦੇ ਬਾਹਰ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਕਰਕੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਥਾਣਿਆਂ ਦੇ ਬਾਹਰ ਵੀ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ, ਜੇਕਰ ਕੋਈ ਵੀ ਅਣਸੁੱਖਾਵੀਂ ਘਟਨਾ ਹੋਵੇ ਤਾਂ ਉਹ ਕੈਮਰੇ ਵਿਚ ਕੈਦ ਹੋ ਸਕੇ।
ਅੰਮ੍ਰਿਤਸਰ ਦੇ ਥਾਣਾ ਡੀ.ਡਵੀਜ਼ਨ ਦੇ ਅੰਦਰ ਅਤੇ ਬਾਹਰ 8 ਦੇ ਕਰੀਬ ਸੀਸੀਟੀਵੀ ਲਗਾਏ:- ਇਸ ਮੌਕੇ ਅੰਮ੍ਰਿਤਸਰ ਦੇ ਥਾਣਾ ਡੀ.ਡਵੀਜ਼ਨ ਦੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਥਾਣੇ ਦੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਥਾਣੇ ਦੇ ਅੰਦਰ ਅਤੇ ਬਾਹਰ 8 ਦੇ ਕਰੀਬ ਸੀਸੀਟੀਵੀ ਲਗਾਏ ਗਏ ਹਨ 2 ਕੈਮਰੇ ਥਾਣੇ ਦੇ ਬਾਹਰ ਅਤੇ 2 ਸੀਸੀਟੀਵੀ ਕੈਮਰੇ ਥਾਣੇ ਦੇ ਪਿਛਲੇ ਪਾਸੇ ਅਤੇ 4 ਸੀਸੀਟੀਵੀ ਕੈਮਰੇ ਥਾਣੇ ਦੇ ਅੰਦਰ ਲਗਾਏ ਗਏ ਹਨ।
ਸ਼ੱਕੀ ਵਿਅਕਤੀਆਂ ਉੱਤੇ ਪੂਰੀ ਨਜ਼ਰ:- ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਕਿਹਾ ਕਿ ਥਾਣੇ ਦੇ ਅੰਦਰ ਜਾਂ ਬਾਹਰ ਹਰੇਕ ਆਉਣ-ਜਾਣ ਵਾਲੇ ਉੱਤੇ ਪੂਰੀ ਨਿਗਾਹ ਰੱਖੀ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਕੋਲ ਥਾਣੇ ਵਿਚ 45 ਦੇ ਕਰੀਬ ਪੁਲਿਸ ਮੁਲਾਜ਼ਮ ਹਨ ਅਤੇ ਪੀ.ਸੀ.ਆਰ ਪੁਲਿਸ ਵਾਲੇ ਉੱਤੇ ਪੂਰੀ ਨਿਗਾਹ ਰੱਖੀ ਜਾ ਰਹੀ ਹੈ। ਸਾਨੂੰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸਨੂੰ ਰੋਕ ਕੇ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਲਈ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਲੋਕ ਆਪਣੀਆ ਮੁਸ਼ਕਿਲਾਂ ਲੈ ਕੇ ਸਾਡੇ ਕੋਲ ਥਾਣੇ ਵਿਚ ਆ ਸਕਦੇ ਹਨ। ਲੋਕਾਂ ਅਪੀਲ ਕਰਦੇ ਹਾਂ ਕੋਈ ਵੀ ਤੁਹਾਨੂੰ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਵੋ।
ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਸਖ਼ਤ ਸੁਰੱਖਿਆ:- ਪੰਜਾਬ ਵਿੱਚ ਥਾਣਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਵੀ ਪੱਕੇ ਮੁਲਾਜ਼ਮਾਂ ਦੀ ਡਿਊਟੀ ਲਾ ਦਿੱਤੀ ਗਈ ਹੈ। ਹੁਣ ਬਿਨ੍ਹਾਂ ਸ਼ਨਾਖਤੀ ਕਾਰਡ ਚੈਕਿੰਗ ਜੇ ਕਿਸੇ ਦੀ ਵੀ ਅੰਦਰ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਹੈ। ਉੱਥੇ ਮੌਕੇ ਉੱਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਸਖ਼ਤ ਨਿਰਦੇਸ਼ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਦੀ ਵੀ ਬਕਾਇਦਾ ਚੈਕਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਸਾਨੂੰ ਇਸ ਦਾ ਸਾਜੋ ਸਮਾਨ ਵੀ ਮੁੱਹਈਆ ਕਰਵਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਅਸੀਂ ਹੈ ਆਉਣ ਜਾਣ ਵਾਲੇ ਦੀ ਚੰਗੀ ਤਰ੍ਹਾਂ ਚੈਕਿੰਗ ਕਰਦੇ ਹਨ।
ਲੁਧਿਆਣਾ ਦੇ ਪੁਲਿਸ ਸਟੇਸ਼ਨਾਂ ਵਿੱਚ ਕੈਮਰੇ ਦਰੁਸਤ ਕਰਵਾਏ ਗਏ:- ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੁਲਿਸ ਸਟੇਸ਼ਨਾਂ ਦੇ ਵਿੱਚ ਲੋਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਆਉਂਦੇ ਹਨ, ਇਸ ਕਰਕੇ ਉੱਥੇ ਸੁਰੱਖਿਆ ਸਖ਼ਤ ਹੋਣੀ ਹੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਘਟਨਾ ਨਾਲ ਜੋੜ ਕੇ ਨਾ ਵੇਖਿਆ ਜਾਵੇ, ਅਸੀਂ ਚੈਕਿੰਗ ਵੈਸੇ ਵੀ ਵਧਾਉਂਦੇ ਰਹਿੰਦੇ ਹਨ, ਉਨ੍ਹਾਂ ਕਿਹਾ ਕਿ ਪੁਲਿਸ ਅਲਰਟ ਉੱਤੇ ਹੀ ਰਹਿੰਦੀ ਹੈ। ਉੱਥੇ ਹੀ ਲੁਧਿਆਣਾ ਦੇ ਪੁਲਿਸ ਸਟੇਸ਼ਨਾਂ ਵਿੱਚ ਕੈਮਰੇ ਦਰੁਸਤ ਕਰਵਾਏ ਜਾ ਰਹੇ ਹਨ, ਬੰਕਰ ਬਣਾਏ ਜਾ ਰਹੇ ਹਨ 24 ਘੰਟੇ ਸੁਰੱਖਿਆ ਮੁਲਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ।
ਇਹ ਵੀ ਪੜੋ:- ਕਿਸਾਨਾਂ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਕੀਤਾ ਘਿਰਾਓ, ਕਿਹਾ- ਲੋੜ ਪਈ ਤਾਂ ਫਿਰ ਦਿੱਲੀ ਬਾਰਡਰ ’ਤੇ ਲਾਵਾਂਗੇ ਧਰਨਾ