ਅੰਮ੍ਰਿਤਸਰ : ਖਾਕੀ ਦਾ ਕਿਸੇ ਨਾ ਕਿਸੇ ਕਾਰਨ ਵਿਵਾਦਾਂ 'ਚ ਰਹਿਣਾ ਇੱਕ ਸੁਭਾਅ ਹੀ ਬਣ ਗਿਆ ਜਾਪਦਾ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਚੱਲੀ ਗੋਲੀ ਨਾਲ ਇੱਕ ਡਾਕਟਰ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ 'ਚ ਪੁਲਿਸ ਨੇ ਕੁਝ ਅਗਿਆਤ ਤੇ ਕੁਝ ਬਾਈਨੇਮ ਪਰਚਾ ਕਰ ਲਿਆ ਸੀ। ਇਸ ਦਰਜ ਕੀਤੇ ਮਾਮਲੇ ਨੂੰ ਲੈ ਕੇ ਸੋਮਵਾਰ 'ਆਪ' ਆਗੂ ਵੇਦ ਪ੍ਰਕਾਸ਼ ਬਬਲੂ ਵੱਲੋਂ ਅੰਮ੍ਰਿਤਸਰ ਰਾਮਬਾਗ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਦ ਪ੍ਰਕਾਸ਼ ਬਬਲੂ ਨੇ ਕਿਹਾ ਕਿ ਪੁਲੀਸ ਵੱਲੋਂ ਜੋ ਬਾਈਨੇਮ ਪਰਚਾ ਕੀਤਾ ਗਿਆ ਉਹ ਸਰਾਸਰ ਗਲਤ ਹੈ। ਬਬਲੂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇਲਾਜ ਕਰਵਾਉਣ ਵਾਸਤੇ ਹਸਪਤਾਲ ਗਏ ਹੋਏ ਲੋਕਾਂ 'ਤੇ ਹੀ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਮਾਮਲਾ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।
ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਜ਼ਮਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸੀਸੀਟੀਵੀ ਫੁਟੇਜ ਵੀ ਸਾਡੇ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਪ੍ਰਦਰਸ਼ਨ ਕਰਨ ਦਾ ਹੱਕ ਸਭ ਨੂੰ ਹੈ ਪਰ ਉਨ੍ਹਾਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਰੱਖ ਕੇ ਅਤੇ ਮੂੰਹ ਤੇ ਮਾਸਕ ਪਾ ਕੇ ਹੀ ਪ੍ਰਦਰਸ਼ਨ ਕਰਨ।