ਅੱਜ ਦਾ ਮੁੱਖਵਾਕ
ਵਿਆਖਿਆ -
ਸਲੋਕ ਮਹੱਲਾ ਤੀਜਾ
ਸਤਿਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖ ਹਰ ਵੇਲ੍ਹੇ ਸਹਿਜ ਅਵਸਥਾ ਵਿੱਚ ਮਨ-ਧਿਆਨ ਜੋੜ ਕੇ- ਭਾਵ, ਸਦਾ ਇਕਾਗਰ ਚਿੱਤ ਰਹਿ ਕੇ ਸੱਚੇ ਪ੍ਰਭੂ ਦਾ ਸਿਮਰਨ ਕਰਦੇ ਹਨ। ਹੇਠ ਉਪਰ ਸਭ ਥਾਈਂ ਵਿਆਪਕ ਹਰਿ ਨੂੰ ਹਿਰਦੇ ਵਿੱਚ ਪਰੋ ਕੇ ਚੜ੍ਹਦੀ ਕਲਾ ਵਿੱਚ ਰਹਿ ਕੇ ਸਦਾ ਸੱਚੇ ਪ੍ਰਮਾਤਮਾ ਦੀ ਸਿਫ਼ਤਿ ਸਾਲਾਹਿ ਕਰਦੇ ਹਨ । ਧੁਰੋਂ ਹੀ ਪ੍ਰਮਾਤਮਾ ਨੇ ਉਨ੍ਹਾਂ ਲਈ ਬਖ਼ਸ਼ਿਸ਼ ਦਾ ਫ਼ੁਰਮਾਨ ਲਿੱਖ ਦਿੱਤਾ ਹੈ। ਇਸ ਕਰਕੇ ਉਨ੍ਹਾਂ ਦੇ ਹਿਰਦੇ ਵਿੱਚ ਪਿਆਰਾ ਪ੍ਰਭੂ ਵੱਸਦਾ ਹੈ।
ਹੇ ਨਾਨਕ, ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਨ੍ਹਾਂ ਨੂੰ ਆਪਣੇ ਵਿੱਚ ਰੱਖ ਲਿਆ ਹੈ।੧। ਜਦੋਂ ਤੱਕ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਹਿਰਦੇ ਨਾ ਭਿੱਜ ਜਾਵੇ ਅਤੇ ਪ੍ਰਭੂ ਦੀ ਬਖ਼ਸ਼ਿਸ਼ ਦਾ ਭਾਗੀਦਾਰ ਨਾ ਬਣੇ, ਉਦੋਂ ਤੱਕ, ਚਾਹੇ ਸਦਾ ਹਰ ਵੇਲ੍ਹੇ ਗੁਣ ਗਾਉਂਦਾ ਰਹੇ। ਇਸ ਤਰ੍ਹਾਂ ਕਹਿੰਦਿਆਂ ਹੱਥ ਨਹੀਂ ਮਿਲਦਾ, ਮਿਹਰ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਿਆ। ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ। ਸਤਿਗੁਰੂ ਦੇ ਸ਼ਬਦ ਨਾਲ ਹੀ, ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿੱਚ ਵੱਸਦਾ ਹੈ।
ਹੇ ਨਾਨਕ, ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ। ਉਹ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ।੨। ਸਾਰੇ ਵੈਦ ਪੁਰਾਣ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ। ਆਪ ਹੀ, ਇਨ੍ਹਾਂ ਦੀ ਕਥਾ ਕਰਦਾ ਹੈ ਅਤੇ ਆਪ ਹੀ ਸੁਣ ਕੇ ਪ੍ਰਸੰਨ ਹੁੰਦਾ ਹੈ। ਹਰਿ ਆਪ ਹੀ ਬੈਠ ਕੇ ਪੁਰਾਣ ਆਦਿਕ ਮਤ ਅਨੁਸਾਰ ਪੂਜਾ ਕਰਦਾ ਹੈ ਅਤੇ ਆਪ ਹੀ ਹੋਰ ਪਸਾਰਾ ਪਸਾਰ ਲੈਂਦਾ ਹੈ। ਆਪ ਹੀ, ਸੰਸਾਰ ਵਿੱਚ ਰੱਚ ਮਿਚ ਹੋ ਰਿਹਾ ਹੈ ਤੇ ਆਪ ਹੀ ਇਸ ਤੋਂ ਕਿਨਾਰਾ ਕਰ ਬੈਠਾ ਹੈ। ਕਥਨ ਤੋਂ ਪਰੇ ਆਪਣੇ ਆਪੇ ਨੂੰ ਵੀ ਆਪ ਹੀ ਬਿਆਨ ਕਰਦਾ ਹੈ। ਪੁੰਨ ਵੀ ਆਪ ਹੀ ਕਰਾਉਂਦਾ ਹੈ। ਫਿਰ ਪਾਪ-ਪੁੰਨ ਤੋਂ ਅਲੇਪ ਵੀ ਆਪ ਹੀ ਵਰਤਦਾ ਹੈ। ਆਪ ਹੀ ਪ੍ਰਭੂ ਸੁੱਖ ਦੁੱਖ ਦਿੰਦਾ ਹੈ ਅਤੇ ਆਪ ਹੀ ਮਿਹਰ ਕਰਦਾ ਹੈ।੮।
ਇਹ ਵੀ ਪੜ੍ਹੋ : Assembly Elections Result: ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਮੁੜ ਬਣੇਗੀ ਭਾਜਪਾ ਦੀ ਸਰਕਾਰ !