ਅੰਮ੍ਰਿਤਸਰ : ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ ਰੱਖੜ ਪੁੰਨਿਆ ਦੇ ਮੇਲੇ 'ਚ ਗਏ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 33 ਸਾਲ ਦਾ ਮ੍ਰਿਤਕ ਨੌਜਵਾਨ ਕਮਲਜੋਤ ਸਿੰਘ ਗੁਰਦਾਸਪੁਰ ਦੇ ਘੁਮਾਣ ਦਾ ਰਹਿਣ ਵਾਲਾ ਸੀ ਜਿਸ ਨੂੰ ਕੁਝ ਵਿਅਕਤੀਆਂ ਨੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਸਾਹਮਣੇ ਰਾਤ ਨੂੰ 11.30 ਵਜੇ ਦੇ ਕਰੀਬ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਮੇਲਾ ਵੇਖਣ ਗਏ ਨੂੰ ਗੋਲੀਆਂ ਨਾਲ ਭੁੰਨਿਆ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਵੰਤ ਸਿੰਘ ਚੀਮਾਂ ਨੇ ਦੱਸਿਆ ਕਿ ਕਮਲਜੋਤ ਸਿੰਘ ਬੀਤੀ ਰਾਤ ਕਸਬਾ ਘੁਮਾਣ ਤੋਂ ਆਪਣੇ ਦੋਸਤਾਂ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਮੇਲਾ ਵੇਖਣ ਗਿਆ ਸੀ। ਜਿੱਥੇ ਰਾਤ ਨੂੰ ਕਿਸੇ ਹੋਟਲ ਵਿਚ ਖਾਣਾ ਖਾ ਰਿਹਾ ਸੀ ਕਿ ਅਚਾਨਕ ਹੀ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿਸਟਲ ਕੱਢੀ ਅਤੇ ਨਾਲ ਹੀ ਗੋਲੀਆਂ ਚਲਾ ਦਿੱਤੀਆਂ। ਮੌਕੇ 'ਤੇ ਮੌਜੂਦ ਕਮਲ ਦੇ ਦੋਸਤਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਕਮਲਜੀਤ ਸਿੰਘ ਨੂੰ ਮ੍ਰਿਤ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਬਜ਼ੁਰਗ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
- Dissolution Panchayats: ਇੱਕ ਪੱਤਰ ਨੇ ਪੰਜਾਬ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਵਿਰੋਧੀਆਂ ਨੇ ਚੁੱਕੇ ਸਵਾਲ
- Toll plazas increased rates: ਅੰਮ੍ਰਿਤਸਰ-ਦਿੱਲੀ 6 ਮਾਰਗੀ ਰੋਡ ਉੱਤੇ ਸਫਰ ਹੋਇਆ ਮਹਿੰਗਾ, ਟੋਲ ਪਲਾਜ਼ਿਆਂ ਦੇ ਵਧੇ ਰੇਟ
- Punjabi Youth died In canada: ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਮੌਤ, ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ
ਦੋ ਸ਼ੱਕੀਆਂ ਖਿਲਾਫ ਕੀਤਾ ਮਾਮਲਾ ਦਰਜ : ਉੱਥੇ ਹੀ, ਦੂਜੇ ਪਾਸੇ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਐੱਸਐੱਚਓ ਬਿਆਸ, ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਜੋਗਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਘੁਮਾਣ ਦੇ ਬਿਆਨਾਂ ’ਤੇ ਦੋ ਸ਼ੱਕੀ ਵਿਅਕਤੀਆਂ, ਹਿੰਮਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮੱਲੋਵਾਲੀ ਚੀਮਾ (ਗੁਰਦਾਸਪੁਰ) ਅਤੇ ਬਿੱਟੂ ਸਿੰਘ ਪੁੱਤਰ ਮਲੂਕ ਸਿੰਘ, ਵਾਸੀ ਪਿੰਡ ਪੱਡਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਦਿਨ ਦਿਹਾੜੇ ਹੋ ਰਹੇ ਕਤਲ : ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਅੰਮ੍ਰਿਤਸਰ ਵਿਖੇ ਕਤਲ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਪਿਤਾ ਵੱਲੋਂ ਮਾਸੂਮ ਬੱਚੇ ਦਾ ਕਤਲ, ਇਸ ਤੋਂ ਬਾਅਦ ਨਾਨੇ ਵੱਲੋਂ ਦੋਹਤੇ ਦਾ ਕਤਲ ਅਤੇ ਫਿਰ ਸਲੂਨ ਵਿੱਚ ਬੈਠੇ ਨੌਜਵਾਨ ਉੱਤੇ ਸ਼ਰੇਆਮ ਗੋਲੀਆਂ ਵਰ੍ਹਾਈਆਂ ਗਈਆਂ, ਉਸ ਨੂੰ ਜਾਨੋਂ ਮਾਰਿਆ ਗਿਆ ਅਤੇ ਹੁਣ ਇੱਕ ਵਾਰ ਫਿਰ ਤੋਂ ਸ਼ਰੇਆਮ ਇਸ ਨੌਜਵਾਨ ਦਾ ਕਤਲ ਹੋਣਾ। ਕਤਲ ਕਰਕੇ ਮੁਲਜ਼ਮ ਫ਼ਰਾਰ ਹੋ ਚੁੱਕੇ ਹਨ। ਇਹ ਸਾਰੀਆਂ ਵਾਰਦਾਤਾਂ ਪੁਲਿਸ ਦੀ ਸੁਰੱਖਿਆ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰਦੀ ਹੈ।