ਅੰਮ੍ਰਿਤਸਰ: ਇੱਥੋਂ ਹੁਸੈਨਪੁਰ ਚੌਂਕ ਦੀ ਗਲੀ ਨੰਬਰ 4 ਵਿੱਚ ਅੱਜ ਸਵੇਰੇ ਪੰਜ ਵਜੇ ਇੱਕ ਹਾਰਡਵੇਅਰ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਗੋਦਾਮ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਕਿਸੇ ਤਰ੍ਹਾਂ ਦੋ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦਮਕਲ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਹਾਰਡਵੇਅਰ ਗੋਦਾਮ ਵਿੱਚ ਪਏ ਕੈਮੀਕਲ ਵਿੱਚ ਅੱਗ ਲੱਗੀ ਸੀ ਜਿਸ ‘ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਬਾਕੀ ਵਿਭਾਗਾਂ ਨਾਲ ਸਾਂਝਾ ਆਪ੍ਰੇਸ਼ਨ ਕੀਤਾ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੂੰ ਬੁਲਾਇਆ ਗਿਆ।
ਉਨ੍ਹਾਂ ਕਿਹਾ ਕਿ ਜਿਸ ਗੋਦਾਮ ਵਿੱਚ ਅੱਗ ਲੱਗੀ ਹੈ ਉਹ ਤਿੰਨ ਮੰਜ਼ਿਲਾ ਇਮਾਰਤ ਹੈ ਤੇ ਇਸ ਇਮਾਰਤ ਦੇ ਗਰਾਉਂਡ ਵਿੱਚ ਗੋਦਾਮ ਬਣਿਆ ਹੋਇਆ ਸੀ ਤੇ ਉੱਪਰ ਘਰੇਲੂ ਖੇਤਰ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਇਮਾਰਤ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਮਾਰਤ ਦੇ ਆਲੇ ਦੁਆਲੇ ਬਣੇ ਘਰਾਂ ਦੇ ਲੋਕਾਂ ਨੂੰ ਕਿਸੇ ਸੁਰਖਿਅਤ ਸਥਾਨ ਉੱਤੇ ਪਹੁੰਚਾ ਦਿੱਤਾ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਜਿਸ ਹਾਰਡਵੇਅਰ ਦੇ ਗੋਦਾਮ ਵਿੱਚ ਅੱਗ ਲਗੀ ਹੈ ਉਸ ਨੂੰ ਫਾਇਰ ਬ੍ਰਿਗੇਡ ਨੇ ਕੰਟਰੋਲ ਕਰ ਲਿਆ ਹੈ ਅਤੇ ਇਸ ਅੱਗ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਗੋਦਾਮ ਵਿੱਚ ਅੱਗ ਲਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।