ਅੰਮ੍ਰਿਤਸਰ: ਰਣਜੀਤ ਐਵੇਨਿਊ ਹੋਸਿੰਗ ਬੋਰਡ ਕਲੌਨੀ ਵਿੱਚ ਕੁੱਤਿਆਂ ਨੂੰ ਲੈ ਕੇ ਹੋਈ ਲੜਾਈ ਵੱਧ ਗਈ। ਹਰਪ੍ਰੀਤ ਕੌਰ ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਬੱਚਾ ਗਲ਼ੀ ਵਿੱਚ ਖੇਡ ਰਿਹਾ ਸੀ ਤਾਂ ਅਚਾਨਕ ਅਵਾਰਾ ਕੁੱਤਾ ਉੱਥੇ ਆ ਗਿਆ ਅਤੇ ਉਸ ਨੇ ਕੁੱਤੇ ਨੂੰ ਡੰਡੇ ਨਾਲ ਮਾਰ ਕੇ ਭਜਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਗੁਆਢੀ ਲੜਕੇ ਨੇ ਹਰਪ੍ਰੀਤ ਕੌਰ ਦੇ ਚਪੇੜ ਮਾਰ ਦਿੱਤੀ ਅਤੇ ਆਪਣੇ ਘਰ ਚਲਾ ਗਿਆ।
ਘਰ ਵਿੱਚ ਭੰਨ-ਤੋੜ: ਹਰਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਕੰਮ ਉੱਤੇ ਗਏ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਜਦੋਂ ਪਤੀ ਘਰ ਪਹੁੰਚਿਆਂ ਤਾਂ ਗੁਆਢੀਆਂ ਨੇ ਇੱਟਾਂ-ਰੋੜਿਆਂ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਿਲ ਹੋਕੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਗੁਆਢੀਆਂ ਨੇ ਉਨ੍ਹਾਂ ਦੇ ਘਰ ਵਿੱਚ ਭੰਨਤੋੜ ਕੀਤੀ ਅਤੇ ਘਰ ਦੇ ਅੰਦਰ ਖੜ੍ਹੀ ਸਕੂਟਰੀ ਨੂੰ ਵੀ ਰੋੜੇ ਮਾਰ ਕੇ ਭੰਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ਦੇ ਪਤੀ ਨੂੰ ਵੀ ਗੰਭੀਰ ਸੱਟਾਂ ਮਾਰੀਆਂ।
ਕਰੋਸ ਪਰਚਾ: ਪੀੜਤਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਬਾਅਦ ਵਿੱਚ ਉਨ੍ਹਾਂ ਉੱਤੇ ਹਮਲਾ ਕਰਨ ਵਾਲੇ ਧਨਾਢ ਪਰਿਵਾਰ ਵੱਲੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਅਤੇ ਫੋਨ ਉੱਤੇ ਵੀ ਧਮਕੀਆਂ ਦਿੱਤੀਆਂ ਗਈਆਂ। ਪੀੜਤਾ ਨੇ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਿਸ ਨੇ ਵੀ ਮੁਲਜ਼ਮਾਂ ਦੇ ਕਹਿਣੇ ਮੁਤਾਬਿਕ ਉਨ੍ਹਾਂ ਉੱਤੇ ਹੀ ਕਰੋਸ ਪਰਚਾ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭੰਡਾਰੀ ਪੁੱਲ ਜਾਮ ਕਰਕੇ ਪ੍ਰਦਰਸ਼ਨ ਕਰਨਗੇ।
ਪੁਲਿਸ ਨੇ ਕੀਤਾ ਮਾਮਲਾ ਦਰਜ: ਦੂਸਰੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਦੋਨਾਂ ਧਿਰਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਪ੍ਰਾਪਤ ਹੋਣ ਦੇ ਚੱਲਦਿਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਵਿੱਚ ਹੁਣ ਪੁਲਿਸ ਦੇ ਐਕਸ਼ਨ ਦਾ ਇੰਤਜ਼ਾਰ ਦੋਵੇਂ ਧਿਰਾਂ ਵੱਲੋਂ ਕੀਤਾ ਜਾ ਰਿਹਾ ਹੈ।