ਅੰਮ੍ਰਿਤਸਰ: ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਖਾਲਿਸਤਾਨੀਆਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਇਨ੍ਹਾਂ ਮੁਲਜ਼ਮਾਂ ਦੀ ਪੇਸ਼ੀ ਹੋਈ ਜਿੱਥੋਂ ਅਦਾਲਤ ਨੇ ਇਨ੍ਹਾਂ ਨੂੰ 11 ਅਕਤੂਬਰ ਤੱਕ ਮੁੜ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ।
ਪੁਲਿਸ ਨੇ 22 ਸਤੰਬਰ ਨੂੰ 4 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਕੋਲੋਂ 5 AK-47 ਰਾਇਫ਼ਲਸ ਤੇ 9 ਹੈਂਡ ਗ੍ਰੇਨੇਡ ਬਰਾਮਦ ਹੋਏ ਸਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 5 ਸੈਟੇਲਾਈਟ ਫੋਨ ਅਤੇ ਦੋ ਵਾਇਰਲੈੱਸ ਸੈੱਟ ਵੀ ਬਰਾਮਦ ਕੀਤੇ ਗਏ ਸਨ।
ਇੰਨੀ ਵੱਡੀ ਗਿਣਤੀ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਪਾਕਿਸਤਾਨ ਵੱਲੋਂ ਭੇਜੇ 2 ਡ੍ਰੋਨ ਬਰਾਮਦ ਕੀਤੇ ਸਨ। ਇਨ੍ਹਾਂ ਰਾਹੀਂ ਹੀ ਪੰਜਾਬ ਵਿੱਚ ਹਥਿਆਰਾਂ ਦਾ ਜ਼ਖੀਰਾ ਸਪਲਾਈ ਕੀਤਾ ਗਿਆ। ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਅਜੇ ਵੀ ਪਾਕਿਸਤਾਨੀ ਡ੍ਰੋਨ ਦੇ ਫਿਰੋਜ਼ਪੁਰ ਵਿੱਚ ਗੇੜੇ ਲਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਚ ਇੱਕ ਵਾਰ ਮੁੜ ਤੋਂ ਸ਼ੱਕੀ ਡਰੋਨ ਨੂੰ ਉਡਦੇ ਹੋਏ ਵੇਖਿਆ ਗਿਆ। ਇਸ ਸ਼ੱਕੀ ਡਰੋਨ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸ਼ੱਕੀ ਡਰੋਨ ਦੇ ਉਡਾਣ ਭਰਨ ਦੀ ਖ਼ਬਰ ਤੋਂ ਬਾਅਦ ਤੋਂ ਹੀ ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਸਖ਼ਤੇ 'ਚ ਆ ਗਈਆਂ ਹਨ।