ਅੰਮ੍ਰਿਤਸਰ:ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਉਨ੍ਹਾਂ ਦੇ ਜੱਦੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਜੱਥਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਾਵੇਗਾ ਜੋ 5 ਦਿਨਾਂ ਬਾਅਦ 1 ਦਸੰਬਰ ਨੂੰ ਵਾਪਸ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਨਨਕਾਣਾ ਸਾਹਿਬ ਤੋਂ ਅੱਗੇ ਨਹੀਂ ਜਾਇਆ ਜਾ ਸਕੇਗਾ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 504 ਪਾਸਪੋਰਟ ਭੇਜੇ ਗਏ ਸਨ ਪਰ 325 ਲੋਕਾਂ ਨੂੰ ਹੀ ਵੀਜ਼ੇ ਮਿਲੇ ਹਨ।ਇਸ ਵਾਰ ਜੱਥੇ ਦੀ ਅਗਵਾਈ ਅਮਰਜੀਤ ਸਿੰਘ ਭਲਾਈਪੁਰ ਕਰਨਗੇ ਅਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਡੱਲਾ ਅਤੇ ਗੁਰਮੀਤ ਸਿੰਘ ਬੂਹ ਵੀ ਹੋਣਗੇ।
ਵੀਜ਼ੇ ਘੱਟ ਲੱਗਣ ਦਾ ਕਾਰਨ ਦੱਸਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਸਫ਼ਾਰਤ ਖ਼ਾਨੇ ਨੂੰ ਹਰ ਵਾਰ ਵੱਧ ਤੋਂ ਵੱਧ ਵੀਜ਼ਾ ਲਾਉਣ ਲਈ ਕਹਿੰਦੀ ਹੈ। ਪਰ ਹੋਰਨਾਂ ਲੋਕਾਂ ਅਤੇ ਇਕਾਈਆਂ ਵੱਲੋਂ ਵੀ ਜੱਥੇ ਭੇਜੇ ਜਾਣ ਕਾਰਨ ਸਫ਼ਾਰਤ ਖ਼ਾਨਾ ਸੰਗਤ ਦੀ ਗਿਣਤੀ 'ਚ ਕਟੌਤੀ ਕਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਬਿਆਨ ਅਨੁਸਾਰ ਇਸ ਵਾਰ ਜੱਥੇ 'ਚ ਬੱਚੇ ਅਤੇ ਬਜ਼ੂਰਗਾਂ ਨੂੰ ਨਹੀਂ ਭੇਜਿਆ ਜਾਵੇਗਾ।