ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਸਾਰੇ ਦੇਸ਼ਾਂ ਤੋਂ ਯਾਤਰੀਆਂ ਦਾ ਆਉਣਾ-ਜਾਣਾ ਬੰਦ ਹੋ ਗਿਆ ਸੀ। ਜੋ ਵਿਅਕਤੀ ਆਪਣੇ ਮੁਲਕ ਤੋਂ ਬਾਹਰ ਦੂਸਰੇ ਮੁਲਕ ਜਾਂ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਘੁੰਮਣ ਲਈ ਗਿਆ ਸੀ, ਉਹ ਉੱਥੇ ਫ਼ਸ ਕੇ ਰਹਿ ਗਿਆ।
ਇਸੇ ਤਰ੍ਹਾਂ ਭਾਰਤ ਦੇ ਜੰਮੂ-ਕਸ਼ਮੀਰ ਦੇ ਵਾਸੀ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਪਾਕਿਸਤਾਨ ਜਾਣ ਵਾਲੇ ਇਨ੍ਹਾਂ ਨਾਗਰਿਕਾਂ ਦੀ ਗਿਣਤੀ 748 ਦੇ ਲਗਭਗ ਹੈ।
748 ਨਾਗਰਿਕਾਂ ਵਿੱਚੋਂ 250 ਦੇ ਕਰੀਬ ਨਾਗਰਿਕਾਂ ਨੂੰ ਵੀਰਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਲਿਆਂਦਾ ਗਿਆ ਅਤੇ ਇਨ੍ਹਾਂ ਨੂੰ ਲੈਣ ਦੇ ਲਈ ਜੰਮੂ-ਕਸ਼ਮੀਰ ਦੀਆਂ ਬੱਸਾਂ ਸਵੇਰੇ ਤੋਂ ਹੀ ਸਰਹੱਦ ਉੱਤੇ ਪਹੁੰਚ ਗਈਆਂ ਸਨ।
ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਤੋਂ ਪਹਿਲਾਂ ਇਨ੍ਹਾਂ ਨਾਗਰਿਕਾਂ ਦੀ ਥਰਮਲ ਸਕ੍ਰੀਨਿੰਗ ਵੀ ਕੀਤੀ ਗਈ ਬਾਅਦ ਵਿੱਚ ਜੰਮੂ ਦੀਆਂ ਬੱਸਾਂ ਵਿੱਚ ਨਾਗਰਿਕਾਂ ਨੂੰ ਬਿਠਾਇਆ ਗਿਆ। ਭਾਰਤ ਵਾਪਸ ਆਏ ਇਨ੍ਹਾਂ ਨਾਗਰਿਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।
ਦੱਸ ਦਈਏ ਕਿ ਸ਼ੁੱਕਰਵਾਰ ਅਤੇ ਸਨਿਚਰਵਾਰ ਨੂੰ 498 ਭਾਰਤੀ ਨਾਗਰਿਕ ਅੰਤਰ-ਰਾਸ਼ਟਰੀ ਸੜਕਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਵਾਪਸ ਆਉਣਗੇ। ਪਾਕਿਸਤਾਨ ਆਉਣ ਵਾਲੇ ਭਾਰਤੀ ਨਾਗਰਿਕਾਂ ਦੀ ਜਾਂਚ ਦੇ ਲਈ ਸਰਹੱਦ ਉੱਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।