ਅੰਮ੍ਰਿਤਸਰ : ਪੰਜਾਬ ਰਾਜ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦਾ 2 ਦਿਨ ਦਾ ਵਿਜੀਲੈਂਸ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਨੀ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਓਪੀ ਸੋਨੀ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਉਸਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਓਪੀ ਸੋਨੀ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਹੈ। ਸੋਨੀ ਨੂੰ ਹਸਪਤਾਲ ਤੋਂ ਸਿੱਧਾ ਅਦਾਲਤ ਵਿੱਚ ਲਿਆਂਦਾ ਗਿਆ ਸੀ ਅਤੇ ਸੋਨੀ ਵ੍ਹੀਲ ਚੇਅਰ ਦੀ ਮਦਦ ਨਾਲ ਅਦਾਲਤ ਆਇਆ ਸੀ। ਜਾਣਕਾਰੀ ਮੁਤਾਬਿਕ ਇਸ ਮੌਕੇ ਸੋਨੀ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਅਦਾਲਤ ਨੂੰ ਲਿਖਿਆ ਪੱਤਰ : ਜ਼ਿਕਰਯੋਗ ਹੈ ਕਿ ਓਪੀ ਸੋਨੀ ਦੇ ਵਕੀਲ ਪਰਦੀਪ ਸੋਨੀ ਨੇ ਦੱਸਿਆ ਕਿ ਵਿਜੀਲੈਂਸ ਨੇ ਅਦਾਲਤ ਤੋਂ ਅੱਜ ਫਿਰ ਦੋ ਦਿਨ ਦਾ ਵਿਜ਼ੀਲੈਂਸ ਰਿਮਾਂਡ ਮੰਗਿਆ ਜਾ ਰਿਹਾ ਸੀ ਪਰ ਅਦਾਲਤ ਨੇ ਓਮ ਪ੍ਰਕਾਸ਼ ਸੋਨੀ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਦਿੱਤਾ ਹੈ। ਇਸ ਤੋਂ ਇਲਾਵਾ ਸੋਨੀ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਹੁਣ ਇਸ ਸਬੰਧੀ ਇੱਕ ਪੱਤਰ ਜੇਲ੍ਹ ਪ੍ਰਸ਼ਾਸਨ ਨੂੰ ਲਿਖਿਆ ਗਿਆ ਹੈ। ਇਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਤੱਕ ਓਮ ਪ੍ਰਕਾਸ਼ ਸੋਨੀ ਦੀ ਸਿਹਤ ਠੀਕ ਨਹੀਂ ਹੁੰਦੀ, ਉਦੋਂ ਤੱਕ ਸੋਨੀ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇ।
ਗੁਰਜੀਤ ਔਜਲਾ ਨੇ ਕੀਤੀ ਟਿੱਪਣੀ : ਦੂਜੇ ਪਾਸੇ ਇਸ ਮਾਮਲੇ 'ਚ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਓਮ ਪ੍ਰਕਾਸ਼ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਲਗਾਤਾਰ ਹੀ ਵਿਜੀਲੈਂਸ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਨੂੰ ਅਦਾਲਤ ਉੱਤੇ ਪੂਰਾ ਯਕੀਨ ਹੈ ਕਿ ਉਹ ਸਹੀ ਫੈਸਲਾ ਸੁਣਾਉਣਗੇ।
- ਕੁਦਰਤ ਦੀ ਦੋਹਰੀ ਮਾਰ ਝੱਲ ਰਿਹਾ ਸਰਦੂਲਗੜ੍ਹ, ਇਕ ਬਰਸਾਤ ਤੇ ਦੂਜਾ ਘੱਗਰ ਦੇ ਪਾਣੀ ਕਾਰਨ ਦਹਿਸ਼ਤ ਵਿੱਚ ਲੋਕ
- ਦਿੱਲੀ ਆਰਡੀਨੈਂਸ ਮਸਲੇ 'ਤੇ ਪੰਜਾਬ ਕਾਂਗਰਸ, ਹਾਈਕਮਾਂਡ ਦੇ ਨਾਲ ਨਹੀਂ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਨਹੀਂ ਕਰੇਗੀ ਸਮਝੌਤਾ
- Clash in Ludhiana: ਡੀਐਮਸੀ ਵਿੱਚ ਐਂਬੂਲੈਂਸ ਚਾਲਕ ਦੀ 10 ਤੋਂ 12 ਹਮਲਾਵਰਾਂ ਨੇ ਕੀਤੀ ਕੁੱਟਮਾਰ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਕੀਤੀ ਵਾਇਰਲ
ਕੀ ਹੈ ਸੋਨੀ ਖਿਲਾਫ ਇਲਜਾਮ : ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਦੇ ਮੁਤਾਬਿਕ ਸੋਨੀ ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਹਨ। 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਕੁੱਲ ਆਮਦਨ 4,52,18,771 ਰੁਪਏ ਸੀ, ਜਦੋਂ ਕਿ ਉਸ ਦੀ ਤਰਫੋਂ ਖਰਚਾ 12,48,42,692 ਰੁਪਏ ਕੀਤਾ ਗਿਆ ਸੀ। ਸੋਨੀ ਦੁਆਰਾ ਕੀਤਾ ਗਿਆ ਇਹ ਖਰਚਾ 7,96,23,921 ਰੁਪਏ ਯਾਨੀ ਕਿ ਉਸਦੀ ਆਮਦਨ ਤੋਂ 176.08 ਫੀਸਦੀ ਵੱਧ ਹੈ। ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਰੱਖੀਆਂ ਹੋਈਆਂ ਹਨ। ਵਿਜੀਲੈਂਸ ਬਿਊਰੋ ਪਿਛਲੇ ਛੇ ਮਹੀਨਿਆਂ ਤੋਂ ਉਸ ਦੀਆਂ ਜਾਇਦਾਦਾਂ ਦੀ ਜਾਂਚ ਵਿੱਚ ਜੁਟੀ ਹੋਈ ਸੀ।