ਲੈਕਸਿੰਗਟਨ: ਅਮਰੀਕਾ ਦੀ ਦਿਗਜ ਵਿਲੀਅਮਸ ਭੈਣਾ ਦੇ ਵਿੱਚ ਹੋਏ ਮੁਕਾਬਲੇ ਵਿੱਚ ਸੇਰੇਨਾ ਵਿਲੀਅਮਸ ਨੇ ਜਿੱਤ ਹਾਸਲ ਕੀਤੀ। ਇੱਥੇ ਡਬਲਯੂਟੀਏ ਟੋਪ ਸੀਡ ਓਪਨ ਦੇ ਦੂਜੇ ਗੇੜ ਵਿੱਚ ਸੇਰੇਨਾ ਨੇ ਆਪਣੀ ਵੱਡੀ ਭੈਣ ਵੀਨਸ ਵਿਲੀਅਮਸ ਨੂੰ 3-6, 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਇਸ ਦੇ ਨਾਲ ਹੀ ਕੋਰੋਨਾ ਦੌਰਾਨ 6 ਮਹੀਨਿਆਂ ਬਾਅਦ ਕੋਰਟ 'ਤੇ ਵਾਪਸੀ ਕਰਨ ਵਾਲੀ ਸੇਰੇਨਾ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਦੋਵਾਂ ਵਿਚਾਲੇ ਹੋਏ 31 ਮੁਕਾਬਲੇ ਵਿੱਚ ਸੇਰੇਨਾ ਦੀ ਇਹ 19 ਵੀਂ ਜਿੱਤ ਸੀ, ਜਦ ਕਿ 12 ਮੁਕਾਬਲੇ ਵੀਨਸ ਨੇ ਆਪਣੇ ਨਾਂਅ ਕੀਤੇ ਹਨ।
ਕੁਆਰਟਰ ਫਾਈਨਲ ਵਿੱਚ ਸੇਰੇਨਾ ਦਾ ਮੁਕਾਬਲਾ ਸ਼ੈਲਬੀ ਰੋਜਰਸ ਨਾਲ ਹੋਵੇਗਾ। ਉਨ੍ਹਾਂ ਨੇ ਕੈਨੇਡਾ ਦੀ ਲੇਹਲਾ ਐਨੀ ਫਰਨਾਂਡੀਜ ਨੂੰ 6-2, 7-5 ਨਾਲ ਹਰਾਇਆ।
ਟੋਪ ਸੀਡ ਓਪਨ ਦੇ ਪਹਿਲੇ ਮੁਕਾਬਲੇ ਵਿੱਚ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਨੇ ਇੱਕ ਘੰਟੇ 15 ਮਿੰਟ ਤੱਕ ਚਲੇ ਮੁਕਾਬਲੇ ਵਿੱਚ ਹਮਵਤਨ ਬਰਨਡਾ ਪੇਰਾ ਨੂੰ 4-6, 6-4,6-1 ਨਾਲ ਹਰਾਇਆ ਸੀ, ਜਦੋਂ ਕਿ ਵੀਨਸ ਨੇ ਪਹਿਲੇ ਗੇੜ ਵਿੱਚ ਵਿਕਟੋਰੀਆ ਅਜ਼ਾਰੇਂਕਾ ਨੂੰ ਸਿੱਧੇ ਸੈੱਟਾਂ ਵਿੱਚ 6–3, 6-2 ਨਾਲ ਹਰਾਇਆ ਸੀ।
ਇਸ ਜਿੱਤ ਦੇ ਬਾਅਦ ਸੇਰੇਨਾ ਨੇ ਕਿਹਾ, "ਮੇਰੇ ਲਈ ਇਹ ਜਿੱਤ ਜ਼ਰੂਰੀ ਸੀ, ਇਸ ਨਾਲ ਮੇਰੇ ਵਿਸ਼ਵਾਸ ਵਧੇਗਾ, ਮਾਂ ਬਣਨ ਦੇ ਬਾਅਦ ਮੈਂ ਬਹੁਤ ਜ਼ਿਆਦਾ ਨਹੀਂ ਖੇਡੀ। ਅਜਿਹੀ ਸਥਿਤੀ ਵਿੱਚ ਮੇਰੇ ਲਈ ਮੈਚ ਖੇਡਣਾ ਜ਼ਰੂਰੀ ਸੀ। ਇਸ ਨਾਲ ਮੈਨੂੰ ਯੂਐਸ ਓਪਨ ਦੀ ਤਿਆਰੀ ਵਿੱਚ ਮਦਦ ਮਿਲੇਗੀ।"
ਤੁਹਾਨੂੰ ਦੱਸ ਦਈਏ ਕਿ ਦੋਵਾਂ ਵਿਚਕਾਰ ਆਖਰੀ ਮੁਕਾਬਲਾ ਪਿਛਲੇ ਸਾਲ ਰੋਮ ਓਪਨ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਵੀਨਸ ਨੇ 6-1, 6-2 ਨਾਲ ਜਿੱਤੀ ਸੀ।
9 ਵੀਂ ਰੈਂਕਿੰਗ ਵਾਲੀ ਸੇਰੇਨਾ ਨੇ ਹੁਣ ਤੱਕ 23, ਜਦੋਂਕਿ ਵੀਨਸ ਨੇ 7 ਗ੍ਰੈਂਡ ਸਲੈਮ ਟੂਰਨਾਮੈਂਟ ਜਿੱਤੇ ਹਨ। ਸੇਰੇਨਾ ਮਾਰਗਰੇਟ ਕੋਰਟ ਦੇ ਆਲ-ਟਾਈਮ 24 ਖ਼ਿਤਾਬ ਜਿੱਤਣ ਦੇ ਰਿਕਾਰਡ ਤੋਂ ਸਿਰਫ ਇਕ ਕਦਮ ਦੂਰ ਹਨ।