ਨਿਊਯਾਰਕ: ਨਾਓਮੀ ਓਸਾਕਾ ਨੇ ਲੈਫ਼ਟ ਹੈਮਸਟ੍ਰਿੰਗ ਦੀ ਸੱਟ ਕਾਰਨ ਸ਼ਨੀਵਾਰ ਨੂੰ ਹੋਣ ਵਾਲੇ ਵੈਸਟਰਨ ਤੇ ਸਦਰਨ ਓਪਨ ਦੇ ਫਾਈਨਲ ਤੋਂ ਨਾਂਅ ਵਾਪਿਸ ਲੈ ਲਿਆ। ਜਿਸ ਨਾਲ ਵਿਕਟੋਰੀਆ ਅਜਾਰੇਂਕਾ ਨੂੰ ਵਾਕਓਵਰ ਮਿਲ ਗਿਆ।
ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਚੈਂਪੀਅਨਸ਼ਿਪ ਮੈਚ ਤੋਂ ਡੇਢ ਘੰਟਾ ਪਹਿਲਾਂ ਓਸਾਕਾ ਦੇ ਫੈਸਲੇ ਦਾ ਐਲਾਨ ਕੀਤਾ। ਓਸਾਕਾ ਨੇ ਇੱਕ ਬਿਆਨ ਵਿੱਚ ਕਿਹਾ, "ਮੈਂ ਦੁਖੀ ਹਾਂ ਕਿ ਸੱਟ ਕਾਰਨ ਮੈਨੂੰ ਪਿੱਛੇ ਹੱਟਣਾ ਪੈ ਰਿਹਾ ਹੈ। ਕੱਲ੍ਹ ਮੇਰੀ ਹੈਮਸਟ੍ਰਿੰਗ ਵਿੱਚ ਸੱਟ ਲੱਗ ਗਈ ਅਤੇ ਮੈਂ ਇਸ ਤੋਂ ਠੀਕ ਨਹੀਂ ਹੋ ਸਕੀ"
ਇਸ ਤੋਂ ਪਹਿਲਾਂ ਓਸਾਕਾ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਵੈਸਟਰਨ ਤੇ ਸਦਰਨ ਓਪਨ ਟੈਨਿਸ ਟੂਰਨਾਮੈਂਟ ਦਾ ਸੈਮੀਫਾਈਨਲ ਨਾ ਖੇਡਣ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਸੀ ਅਤੇ ਉਹ ਖੇਡਣ ਲਈ ਤਿਆਰ ਸੀ।
ਓਸਾਕਾ ਨੇ ਵੀਰਵਾਰ ਨੂੰ ਇਸ ਟੂਰਨਾਮੈਂਟ ਦਾ ਸੈਮੀਫਾਈਨਲ ਨਾ ਖੇਡਣ ਦਾ ਫੈਸਲਾ ਅਮਰੀਕਾ ਵਿੱਚ ਅਸ਼ਵੇਤ ਨਾਗਰਿਕ ਜੈਕਬ ਬਲੈਕ ਉੱਤੇ ਪੁਲਿਸ ਮੁਲਾਜ਼ਮਾਂ ਦੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਕੀਤਾ।
22 ਸਾਲਾ ਟੈਨਿਸ ਖਿਡਾਰੀ ਦੋ ਵਾਰ ਗ੍ਰੈਂਡ ਸਲੈਮ ਜੇਤੂ ਨੇ ਵੀਰਵਾਰ ਨੂੰ ਆਪਣਾ ਸੈਮੀਫਾਈਨਲ ਮੈਚ ਖੇਡਣਾ ਸੀ ਪਰ ਸੈਮੀਫਾਈਨਲ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਵੀਰਵਾਰ ਦੀ ਖੇਡ ਨੂੰ ਮੁਅੱਤਲ ਕਰਕੇ ਮੈਚਾਂ ਨੂੰ ਸ਼ੁੱਕਰਵਾਰ ਨੂੰ ਕਰਵਾਉਣ ਦਾ ਐਲਾਨ ਕੀਤਾ।
ਓਸਾਕਾ ਨੇ ਜਾਰੀ ਬਿਆਨ ਵਿੱਚ ਕਿਹਾ, "ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਨਸਲਵਾਦ, ਬੇਇਨਸਾਫੀ ਅਤੇ ਲਗਾਤਾਰ ਹੋ ਰਹੀ ਪੁਲਿਸ ਹਿੰਸਾ ਦੇ ਵਿਰੋਧ ਵਿੱਚ ਕੱਲ੍ਹ ਟੂਰਨਾਮੈਂਟ ਤੋਂ ਪਿੱਛੇ ਹਟ ਗਈ ਸੀ।"
ਉਨ੍ਹਾਂ ਨੇ ਅੱਗੇ ਕਿਹਾ, “ਮੇਰੇ ਐਲਾਨ ਤੋਂ ਬਾਅਦ, ਡਬਲਯੂਟੀਏ ਅਤੇ ਯੂਐਸਟੀਏ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ, ਮੈਂ ਉਨ੍ਹਾਂ ਦੇ ਖੇਡਣ ਦੀ ਬੇਨਤੀ ਮੰਨ ਲਈ ਹੈ। ਉਨ੍ਹਾਂ ਨੇ ਸਾਰੇ ਮੈਚ ਸ਼ੁੱਕਰਵਾਰ ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਰੱਖਿਆ ਸੀ। ਮੈਂ ਡਬਲਯੂਟੀਏ ਤੇ ਟੂਰਨਾਮੈਂਟ ਨੂੰ ਸਮਰਥਨ ਦੇਣ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ।
“ਖਿਡਾਰੀਆਂ ਨੂੰ ਸਮਾਜਿਕ ਨਿਆਂ ਦੀ ਮੰਗ ਕਰਨ ਕਾਰਨ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ), ਮਹਿਲਾ ਐਨਬੀਏ, ਮੇਜਰ ਲੀਗ ਬੇਸਬਾਲ ਅਤੇ ਮੇਜਰ ਲੀਗ ਸਾਕਰ (ਫੁਟਬਾਲ) ਦੇ ਮੈਚ ਵੀ ਮੁਲਤਵੀ ਕਰ ਦਿੱਤੇ ਗਏ ਸਨ।