ਲੰਡਨ: ਜਾਪਾਨ ਦੀ ਟੈਨਿਸ ਸਟਾਰ ਨਾਓਮੀ ਓਸਾਕਾ ਅਮਰੀਕਾ ਦੀ ਸੈਰੇਨਾ ਵਿਲਿਅਮਜ਼ ਨੂੰ ਪਿੱਛੇ ਛੱਡ ਦੁਨੀਆਂ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਬਣ ਗਈ ਹੈ। ਫ਼ੋਰਬਜ਼ ਮੈਗਜ਼ੀਨ ਮੁਤਾਬਕ ਓਸਾਕਾ ਨੇ ਬੀਤੇ 12 ਮਹੀਨਿਆਂ ਵਿੱਚ ਪੁਰਸਕਾਰ ਰਾਸ਼ੀ ਅਤੇ ਵਿਗਿਆਪਨਾਂ ਤੋਂ 3.74 ਕਰੋੜ ਡਾਲਰ ਕਮਾਏ ਹਨ, ਜੋ ਵਿਲਿਅਮਜ਼ ਤੋਂ 14 ਲੱਖ ਡਾਲਰ ਜ਼ਿਆਦਾ ਹੈ ਅਤੇ ਇਸ ਦੇ ਨਾਲ ਹੀ ਉਹ ਹੁਣ ਤੱਕ ਇੱਕ ਸਾਲ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰਨ ਵੀ ਬਣ ਗਈ ਹੈ।
ਉਸ ਤੋਂ ਪਹਿਲਾਂ ਇਹ ਰਿਕਾਰਡ ਰੂਸ ਦੀ ਮਾਰਿਆ ਸ਼ਾਰਾਪੋਵਾ ਦੇ ਨਾਂਅ ਸੀ, ਜਿਸ ਨੇ ਸਾਲ 2015 ਵਿੱਚ 2.97 ਕਰੋੜ ਡਾਲਰ ਦੀ ਕਮਾਈ ਕੀਤੀ ਸੀ। ਫ਼ੋਰਬਜ਼ ਨੇ 1990 ਤੋਂ ਮਹਿਲਾ ਖਿਡਾਰੀਆਂ ਦੀ ਆਮਦਨ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਹੈ ਅਤੇ ਉਦੋਂ ਤੋਂ ਜ਼ਿਆਦਾਤਰ ਟੈਨਿਸ ਖਿਡਾਰੀ ਹੀ ਇਸ ਵਿੱਚ ਚੋਟੀ ਉੱਤੇ ਰਹਿੰਦੇ ਹਨ।
ਦੋ ਵਾਰ ਦੀ ਗ੍ਰੈਂਡ ਸਲੈਮ ਜੇਤੂ ਓਸਾਕਾ ਫ਼ੋਰਬਜ਼ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ 29ਵੇਂ ਸਥਾਨ ਉੱਤੇ ਹੈ, ਜਦਕਿ ਵਿਲਿਅਮਜ਼ ਨੂੰ ਇਸ ਵਿੱਚ 33ਵਾਂ ਸਥਾਨ ਮਿਲਿਆ ਹੈ। ਓਸਾਕਾ ਨੇ ਸਾਲ 2018 ਵਿੱਚ ਅਮਰੀਕਾ ਓਪਨ ਅਤੇ 2019 ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ।