ਪਰਥ: ਜਾਪਾਨ ਦੇ ਟੈਨਿਸ ਸਟਾਰ ਕੇਈ ਨਿਸ਼ਿਕੋਰੀ ਸੋਮਵਾਰ ਨੂੰ ਪਹਿਲੇ ਏਟੀਪੀ ਕੱਪ ਤੋਂ ਹੱਟ ਗਏ ਹਨ ਕਿਉਂਕਿ ਹੁਣ ਉਹ ਵੀ ਕੂਹਣੀ ਦੀ ਸੱਟ ਨਾਲ ਜੂਝ ਰਹੇ ਹਨ ਜਿਸ ਕਾਰਨ ਉਹ ਯੂਐੱਸ ਓਪਨ ਤੋਂ ਬਾਅਦ ਹੀ ਬਾਹਰ ਚੱਲ ਰਹੇ ਹਨ।
ਨਿਸ਼ਿਕੋਰੀ ਇੱਕ ਸਮੇਂ ਵਿਸ਼ਵ ਰੈਕਿੰਗ ਵਿੱਚ ਚੌਥੇ ਸਥਾਨ ਉੱਤੇ ਸਨ ਪਰ ਹੁਣ 13ਵੇਂ ਸਥਾਨ ਉੱਤੇ ਖਿਸਕ ਗਏ ਹਨ। ਉਨ੍ਹਾਂ ਨੇ ਨਿਰਾਸ਼ਾ ਪ੍ਰਗਟਾਈ ਕਿ ਉਹ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਟੀਮ ਮੁਕਾਬਲੇ ਵਿੱਚ ਆਪਣੇ ਦੇਸ਼ ਦੀ ਅਗਵਾਈ ਨਹੀਂ ਕਰ ਸਕਣਗੇ। ਉਨ੍ਹਾਂ ਨੇ ਬਿਆਨ ਵਿੱਚ ਕਿਹਾ ਕਿ ਅੱਜ ਆਪਣੀ ਟੀਮ ਦੇ ਨਾਲ ਮਿਲ ਕੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਮੈਂ ਹੁਣ ਵੀ ਉੱਚੇ ਪੱਧਰ ਉੱਤੇ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ।
![ATP cup, KEI Nishikori](https://etvbharatimages.akamaized.net/etvbharat/prod-images/5539753_kei-nishikori-getty-1571888289.jpg)
ਨਿਸ਼ਿਕੋਰੀ ਨੇ ਅਕਤੂਬਰ ਵਿੱਚ ਆਪਣੀ ਕੂਹਣੀ ਦਾ ਆਪ੍ਰੇਸ਼ਨ ਕਰਵਾਇਆ ਸੀ ਅਤੇ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਉਹ 20 ਜਨਵਰੀ ਤੋਂ ਮੈਲਬੋਰਨ ਪਾਰਕ ਵਿੱਚ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਆਈ ਓਪਨ ਵਿੱਚ ਖੇਡ ਸਕਣਗੇ ਜਾਂ ਨਹੀਂ।
ਜਾਪਾਨ ਏਟੀਪੀ ਕੱਪ ਟੀਮ ਵਿੱਚ ਨਿਸ਼ਿਕੋਰੀ ਦੀ ਥਾਂ ਯੋਸ਼ੀਹਿਤੋ ਨਿਸ਼ਿਓਕਾ ਨੂੰ ਲਿਆ ਗਿਆ ਹੈ। ਨਿਸ਼ਿਕੋਰੀ ਤੋਂ ਪਹਿਲਾਂ ਬ੍ਰਿਟੇਨ ਦੇ ਐਂਡਰੀ ਮੱਰੇ ਵੀ ਸੱਟ ਕਾਰਨ ਇਸ ਮੁਕਾਬਲੇ ਤੋਂ ਬਾਹਰ ਹੋ ਗਏ ਸਨ ਜਦਕਿ ਰੋਜ਼ਰ ਫ਼ੈਡਰਰ ਨੇ ਇਸ ਵਿੱਚ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ।
ਇਹ ਟੀਮ ਚੈਂਪੀਅਨਸ਼ਿਪ 3 ਤੋਂ 12 ਜਨਵਰੀ ਦੇ ਵਿਚਕਾਰ ਹੋਵੇਗੀ ਜਿਸ ਦੀ ਪੁਰਸਕਾਰ ਰਾਸ਼ੀ 1 ਕਰੋੜ 50 ਲੱਖ ਡਾਲਰ ਹੈ। ਇਸ ਵਿੱਚ ਸਿੰਗਲ ਵਿੱਚ ਜ਼ਿਆਦਾਤਰ 750 ਅਤੇ ਡਬਲ ਵਿੱਚ 250 ਰੈਕਿੰਗ ਅੰਕ ਵੀ ਦਾਅ ਉੱਤੇ ਲੱਗੇ ਹੋਣਗੇ।
ਮੁਕਾਬਲੇ ਵਿੱਚ 24 ਦੇਸ਼ਾਂ ਨੂੰ 6 ਗਰੁੱਪਾਂ ਵਿੱਚ ਰੱਖਿਆ ਜਾਵੇਗਾ ਜੋ ਰਾਉਂਡ ਰੋਬਿੰਨ ਆਧਾਰ ਉੱਤੇ ਇੱਕ-ਦੂਸਰੇ ਨਾਲ ਖੇਡਣਗੇ। ਇੰਨ੍ਹਾਂ ਵਿੱਚ ਚੋਟੀ ਦੀਆਂ 8 ਟੀਮਾਂ ਨਾਕਆਊਟ ਵਿੱਚ ਪਹੁੰਚੇਗੀ। ਗਰੁੱਪ ਚਰਨ ਦੇ ਮੈਚ ਪਰਥ, ਸਿਡਨੀ ਅਤੇ ਬ੍ਰਿਸਬੇਨ ਵਿੱਚ ਖੇਡੇ ਜਾਣਗੇ ਅਤੇ ਫ਼ਾਇਨਲ ਸਿਡਨੀ ਵਿੱਚ ਹੋਵੇਗਾ।