ਪੈਰਿਸ: ਪੈਰਿਸ ਪੁਲਿਸ ਨੇ ਰੋਲੈਂਡ ਗੈਰਸ ਵਿਖੇ ਖੇਡੇ ਜਾ ਰਹੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮੈਚ ਵਿੱਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਰਾਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਜਾਂਚ ਵਿੱਚ ਮਾਹਰ ਅਧਿਕਾਰੀ ਇਹ ਜਾਂਚ ਕਰ ਰਹੇ ਹਨ। ਇਨ੍ਹਾਂ ਜਾਂਚ ਕਰਤਾਵਾਂ ਨੇ ਪਹਿਲਾਂ ਬੈਲਜੀਅਮ ਦੇ ਅਧਿਕਾਰੀਆਂ ਨਾਲ ਪੇਸ਼ੇਵਰ ਟੈਨਿਸ ਵਿੱਚ ਹੇਠਲੇ ਪੱਧਰ ‘ਤੇ ਮੈਚ ਫਿਕਸਿੰਗ ਦੀ ਜਾਂਚ ਕੀਤੀ ਸੀ।
ਪਰ ਕਿਸੇ ਵੀ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਮੈਚ ਫਿਕਸਿੰਗ ਦੀ ਜਾਂਚ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਜਾਂਚ ਇੱਕ ਮੈਚ ‘ਤੇ ਕੇਂਦ੍ਰਿਤ ਹੋਵੇਗੀ ਜਿਸ ‘ਤੇ ਸ਼ੰਕਾ ਜ਼ਾਹਰ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਇਹ ਕਿਹੜਾ ਮੈਚ ਹੈ।
ਇੱਕ ਜਰਮਨ ਅਖ਼ਬਾਰ ਤੇ ਇੱਕ ਫ੍ਰੈਂਚ ਅਖ਼ਬਾਰ ਨੇ ਕਿਹਾ ਕਿ 30 ਸਤੰਬਰ ਨੂੰ ਮਹਿਲਾ ਡਬਲਜ਼ ਮੈਚ ਦੇ ਪਹਿਲੇ ਗੇੜ ਵਿੱਚ ਨਤੀਜਾ ਸੱਟੇਬਾਜ਼ੀ ਨਾਲ ਮੇਲ ਖਾਂਦਾ ਸੀ। ਇਹ ਮੈਚ ਰੋਲੈਂਡ ਗਾਰਨ ਦੀ ਕੋਰਟ ਨੰਬਰ 10 ਵਿਖੇ ਰੋਮਾਨੀਆ ਦੀ ਐਂਡਰਿਆ ਮੀਟੂ ਅਤੇ ਪੈਟ੍ਰਸੀਆ ਮਾਰੀਆ ਟਿਗ ਅਤੇ ਅਮਰੀਕਾ ਦੀ ਮੈਡੀਸਨ ਬਰੈਂਜਲ ਅਤੇ ਰੂਸ ਦੀ ਯਾਨਾ ਸਿਜਿਕੋਵਾ ਵਿਚਕਾਰ ਖੇਡਿਆ ਗਿਆ ਸੀ।
ਮੈਚ ਦੇ ਦੂਜੇ ਸੈੱਟ ਦੀ ਪੰਜਵੀਂ ਗੇਮ ਵਿੱਚ ਸਿਜਿਕੋਵਾ ਦੀ ਸਰਵਿਸ 'ਲਵ' ਉੱਤੇ ਟੁੱਟ ਗਈ। ਇਸ ਦੌਰਾਨ ਉਸ ਨੇ ਦੋ ਵਾਰ ਡਬਲ ਗ਼ਲਤੀ ਕੀਤੀ ਸੀ। ਅਖ਼ਬਾਰਾਂ ਦੀਆਂ ਰਿਪੋਰਟਾਂ ਦੇ ਅਨੁਸਾਰ, ਇਸ ਪੰਜਵੇਂ ਗੇਮ ਵਿੱਚ ਰੋਮਾਨੀਆ ਟੀਮ ਦੀ ਜਿੱਤ ਪੈਰਿਸ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵੱਡੀ ਰਾਸ਼ੀ ਦਾ ਸੱਟਾ ਲੱਗਿਆ ਸੀ।