ਨਵੀਂ ਦਿੱਲੀ: ਓਲੰਪਿਕ ਟੀਮ 'ਚ ਸ਼ਾਮਲ ਦੀਪਕ ਪੂਨੀਆ (86 ਕਿੱਲੋ) ਦੇ ਇਲਾਵਾ ਨਵੀਨ (65 ਕਿਲੋ) ਅਤੇ ਕ੍ਰਿਸ਼ਨ (125 ਕਿਲੋ) ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਤਿੰਨੋਂ ਪਹਿਲਵਾਨ ਸੋਨੀਪਤ ਦੇ ਸਾਈ ਸੈਂਟਰ ਵਿੱਚ ਰਾਸ਼ਟਰੀ ਕੈਂਪ ਦਾ ਹਿੱਸਾ ਹਨ ਅਤੇ ਇਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਈਸੋਲੇਸ਼ਨ ਵਿੱਚ ਹਨ।
ਸਾਈ ਨੇ ਇੱਕ ਬਿਆਨ ਵਿੱਚ ਕਿਹਾ, "ਤਿੰਨ ਸੀਨੀਅਰ ਪੁਰੁਸ਼ ਪਹਿਲਵਾਨਾਂ ਨੇ ਸੋਨੀਪਤ ਦੇ ਸਾਈ ਸੈਂਟਰ ਵਿੱਚ ਰਾਸ਼ਟਰੀ ਕੁਸ਼ਤੀ ਕੈਂਪ ਦੇ ਲਈ ਰਿਪੋਰਟ ਕੀਤਾ ਅਤੇ ਕੋਰੋਨਾ ਵਾਇਰਸ ਦੀ ਜਾਂਚ ਵਿੱਚ ਪੌਜ਼ੀਟਿਵ ਆਏ।" ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਗਮੇ ਨਾਲ ਪੂਨੀਆ ਨੇ ਟੋਕਿਓ ਓਲੰਪਿਕ ਦੇ ਲਈ ਸਥਾਨ ਪੱਕਾ ਕੀਤਾ ਸੀ।
ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ ਸਾਈ ਦੇ ਪੈਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨਾਂ ਪਹਿਲਵਾਨਾਂ ਦੇ ਪਹੁੰਚਣ 'ਤੇ ਟੈਸਟ ਕੀਤਾ ਗਿਆ, ਜੋ ਕਿ ਖੇਡ ਗਤੀਵਿਧੀਆਂ ਦੀ ਬਹਾਲੀ ਦੇ ਲਈ ਸਾਈ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਵਿੱਚ ਲਾਜ਼ਮੀ ਹੈ।
ਪ੍ਰੋਟੋਕੋਲ ਦੇ ਅਨੁਸਾਰ, ਸਾਰੇ ਪਹਿਲਵਾਨਾਂ ਅਤੇ ਸਹਿਯੋਗੀ ਸਟਾਫ਼ ਦੇ ਪਹੁੰਚਣ 'ਤੇ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਜਦੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੇ ਬਾਰੇ ਨਹੀਂ ਜਾਣਦੇ। ਸਾਰੇ ਪਹਿਲਵਾਨ 1 ਸਤੰਬਰ ਨੂੰ ਕੈਂਪ ਦੇ ਲਈ ਇਕੱਠੇ ਹੋਏ ਸਨ। ਟ੍ਰੇਨਿੰਗ 14 ਦਿਨ ਦੇ ਆਈਸੋਲੇਸ਼ਨ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।